ਅੱਜ ਦੀ ਖਬਰਸਾਰ | 5 ਫਰਵਰੀ 2020 (ਦਿਨ ਬੁੱਧਵਾਰ) ਕੌਮਾਂਤਰੀ ਖਬਰਾਂ:
ਨਾ.ਸੋ.ਕਾ. ਮਾਮਲੇ ‘ਤੇ ਪਹਿਲੀ ਵਿਦੇਸ਼ੀ ਕਾਨੂੰਨ ਘੜਨੀ ਸਭਾ ਨੇ ਮਤਾ ਕੀਤਾ:
- ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਤਜਵੀਜਸ਼ੁਦਾ ਨਾਗਰਿਕਤਾ ਰਜਿਸਟਰ (ਨਾ.ਰਜਿ.) ਦਾ ਮਾਮਲਾ ਹੁਣ ਦਿੱਲੀ ਸਲਤਨਤ ਤੱਕ ਸੀਮਤ ਨਹੀਂ ਰਹਿ ਗਿਆ, ਕਿਉਂਕਿ
- ਨਾ.ਸੋ.ਕਾ. ਅਤੇ ਨਾ.ਰਜਿ. ਵਿਰੁਧ ਹੁਣ ਕੌਮਾਂਤਰੀ ਕਾਨੂੰਨ ਘੜਨੀਆਂ ਸਭਾਵਾਂ (ਲੈਜਿਸਲੇਚਰਸ) ਵਲੋਂ ਮਤੇ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
- ਅਮਰੀਕਾ ਦੇ ਸਿਆਟਲ ਸ਼ਹਿਰ ਦੀ ਕੌਸਲ ਦੀ ਕਾਨੂੰਨ ਘੜਨੀ ਸਭਾ ਨੇ ਅਜਿਹਾ ਪਹਿਲਾ ਮਤਾ ਪ੍ਰਵਾਣ ਕੀਤਾ ਹੈ।
- ਇਹ ਮਤਾ 3 ਫਰਵਰੀ 2020 ਨੂੰ ਪ੍ਰਵਾਣ ਕੀਤਾ ਗਿਆ।
- ਇਹ ਮਤਾ ਕੌਂਸਲਜੀਅ (ਕੌਂਸਲ-ਮੈਂਬਰ) ਬੀਬੀ ਕਸ਼ਾਮਾ ਸਾਵੰਤ ਨੇ ਪੇਸ਼ ਕੀਤਾ ਸੀ।
ਬੀਬੀ ਕਸ਼ਾਮਾ ਸਾਵੰਤ ਦੀ ਨਾ.ਸੋ.ਕਾ. ਬਾਰੇ ਤਕਰੀਰ:
- ਸਿਆਟਲ ਸਿਟੀ ਕੌਂਸਲ ਦੇ ਇਜਲਾਸ ਦੌਰਾਨ ਬੀਬੀ ਕਸ਼ਾਮਾ ਸਾਵੰਤ ਨੇ ਨਾ.ਸੋ.ਕਾ. ਅਤੇ ਨਾ.ਰਜਿ. ਬਾਰੇ ਪ੍ਰਭਾਵਸ਼ਾਲੀ ਲਿਖਤੀ ਤਕਰੀਰ ਪੜ੍ਹੀ।
- ਤਕਰੀਰ ਵਿਚ ਉਸ ਨੇ ਦੱਸਿਆ ਕਿ ਨਾ.ਸੋ.ਕਾ. ਅਤੇ ਨਾ.ਰਜਿ. ਦਾ ਵਿਰੋਧ ਕਰਨਾ ਕਿਉਂ ਜਰੂਰੀ ਹੈ। ਇਤਿਹਾਸ ਦੇ ਹਵਾਲੇ ਨਾਲ ਬੀਬੀ ਸਾਵੰਤ ਨੇ ਕਿਹਾ ਕਿ ਨਾ.ਸੋ.ਕਾ. ਅਤੇ ਨਾ.ਰਜਿ. 1930ਵਿਆਂ ਵਿਚ ਨਾਜ਼ੀਆਂ ਵਲੋਂ ਜਰਮਨੀ ਵਿਚ ਬਣਾਏ ਕਾਨੂੰਨਾਂ ਨਾਲ ਇੰਨ-ਬਿੰਨ ਮੇਲ ਖਾਂਦੇ ਹਨ। ਉਸਨੇ ਕਿਹਾ ਕਿ ਨਾ.ਸੋ.ਕਾ. ਅਤੇ ਤਜਵੀਜਸ਼ੁਦਾ ਨਾ.ਰਜਿ. ਮੁਸਲਮਾਨਾਂ ਅਤੇ ਗਰੀਬਾਂ ਤੇ ਦੱਬੇ-ਕੁਚਲੇ ਤਬਕਿਆਂ ਨਾ ਭਾਰੀ ਵਿਤਕਰਾ ਕਰਦੇ ਹਨ ਅਤੇ ਉਨ੍ਹਾਂ ਦੇ ਮੁੱਢਲੇ ਹੱਕ ਖੋਹੰਦੇ ਹਨ।
- ਮਤਾ ਲਿਆਉਣ ਦੇ ਕਾਰਨਾਂ ਬਾਰੇ ਬੀਬੀ ਸਾਵੰਤ ਨੇ ਕਿਹਾ ਕਿ ਇਸ ਨਾਲ ਭਾਰਤੀ ਉਪਮਹਾਂਦੀਪ ਵਿਚ ਹੋ ਰਹੇ ਨਾ.ਸੋ.ਕਾ. ਅਤੇ ਨਾ.ਰਜਿ. ਦੇ ਵਿਰੋਧ ਨੂੰ ਹੁੰਗਾਰਾ ਮਿਲੇਗਾ, ਅਤੇ
- ਇਹ ਮਤਾ ਨਵੀਂ ਲੀਹ ਪਾ ਕੇ ਹੋਰਨਾਂ ਕਾਰਕੁੰਨਾਂ ਨੂੰ ਵੀ ਉਤਸ਼ਾਹਤ ਕਰੇਗਾ ਅਤੇ ਉਹ ਆਪਣੀਆਂ ਸਰਕਾਰ ਨੂੰ ਨਾ.ਸੋ.ਕਾ. ਅਤੇ ਨਾ.ਰਜਿ. ਵਿਰੁਧ ਖੜ੍ਹਨ ਲਈ ਕਹਿਣਗੇ।
ਰ.ਸ.ਸ. ਮਤਾ ਰੋਕਣ ਵਿਚ ਨਕਾਮ ਹੋਈ:
- ਸਿਆਟਲ ਦੀ ਸਿਟੀ ਕੌਂਸਲ ਵੱਲੋਂ ਨਾ.ਸੋ.ਕਾ. ਵਿਰੁਧ ਕੀਤੇ ਮਤੇ ਨੂੰ ਰੋਕਣ ਲਈ ਬਿਪਰਵਾਦੀ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ ਨੇ ਪੂਰਾ ਜੋਰ ਲਾਇਆ ਸੀ।
- ਰ.ਸ.ਸ. ਅਤੇ ਭਾਜਪਾ ਦੇ ਹਿਮਾਇਤੀਆਂ ਨੇ ਕੌਂਸਲ ਦੇ ਇਜਲਾਸ ਦੌਰਾਨ ਇਸ ਮਤੇ ਦੇ ਵਿਰੋਧ ਵਿਚ ਲਿਖਤੀ ਬਿਆਨ ਵੀ ਪੜ੍ਹੇ ਸਨ।
- ਪਰ ਅਜਿਹਾ ਕਰਕੇ ਵੀ ਉਹ ਮਤੇ ਨੂੰ ਪ੍ਰਵਾਣ ਹੋਣ ਤੋਂ ਨਾ ਰੁਕਵਾ ਸਕੇ।