ਸ਼੍ਰੋ.ਗੁ.ਪ੍ਰ.ਕ. ਵਲੋਂ ਗਵਾਹਾਂ ਤੇ ਵਕੀਲਾਂ ਦਾ ਸਨਮਾਨ ਕੀਤੇ ਜਾਣ ਦਾ ਇਕ ਦ੍ਰਿਸ਼

ਸਿੱਖ ਖਬਰਾਂ

1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹ ਤੇ ਵਕੀਲ ਸ਼੍ਰੋਮਣੀ ਕਮੇਟੀ ਨੇ ਸਨਮਾਨਤ ਕੀਤੇ

By ਸਿੱਖ ਸਿਆਸਤ ਬਿਊਰੋ

January 27, 2019

ਅੰਮ੍ਰਿਤਸਰ: 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤੇ ਗਏ ਇਕ ਖਾਸ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਸਨਮਾਨਿਤ ਕੀਤੇ ਗਏ 7 ਗਵਾਹਾਂ ਵਿਚ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ, ਸ. ਜਗਸ਼ੇਰ ਸਿੰਘ, ਸ. ਕੁਲਦੀਪ ਸਿੰਘ, ਸ. ਸੰਤੋਖ ਸਿੰਘ, ਸ. ਸੰਗਤ ਸਿੰਘ ਤੇ ਸ. ਸੁਰਜੀਤ ਸਿੰਘ ਸ਼ਾਮਲ ਸਨ, ਜਦਕਿ ਵਕੀਲਾਂ ਵਿਚ ਸ. ਆਰ.ਐਸ. ਚੀਮਾ, ਸ. ਹਰਵਿੰਦਰ ਸਿੰਘ ਫੂਲਕਾ, ਸ. ਡੀ.ਪੀ. ਸਿੰਘ, ਬੀਬੀ ਤਰੰਨੁਮ ਚੀਮਾ, ਸ. ਗੁਰਬਖਸ਼ ਸਿੰਘ, ਸ. ਜਸਵਿੰਦਰ ਸਿੰਘ ਤੇ ਬੀਬੀ ਕਾਮਨਾ ਵੋਹਰਾ ਸ਼ਾਮਲ ਸਨ। ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਨੂੰ ਸਨਮਾਨ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ, ਸ੍ਰੀ ਸਾਹਿਬ, ਚਾਂਦੀ ਦੀ ਤਸ਼ਤਰੀ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਦਿੱਤੇ ਗਏ। ਸਨਮਾਨ ਸਮਾਗਮ ਦੌਰਾਨ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਮੌਜੂਦ ਰਹੇ।

ਇਸ ਮੌਕੇ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ 1984 ਦੀ ਸਿੱਖ ਨਸਲਕੁਸ਼ੀ ਨੂੰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਅਣਮਨੁੱਖੀ ਕਹਿਰ ਦੱਸਿਆ।

ਸ਼੍ਰੋਮਣੀ ਅਕਾਲੀ ਦਲ ਦਾ 1947 ਤੋਂ ਬਾਅਦ ਦਾ ਰਿਵਾਇਤੀ ਪਰਵਚਨ ਦਹੁਰਾਉਂਦਿਆਂ ਉਨ੍ਹਾਂ ਆਖਿਆ ਕਿ “ਸਿੱਖ ਕੌਮ ਨੇ ਹਮੇਸ਼ਾ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦੇ ਕੇ ਮਿਸਾਲੀ ਇਤਿਹਾਸ ਸਿਰਜਿਆ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਜੂਨ ਅਤੇ ਨਵੰਬਰ 84 ਦੌਰਾਨ ਸਿੱਖਾਂ ਨੂੰ ਖਤਮ ਕਰਨ ਲਈ ਕੇਂਦਰੀ ਹਕੂਮਤ ਨੇ ਸਾਰੇ ਹੱਦਾਂ ਬੰਨੇ ਟੱਪ ਦਿੱਤੇ”।

ਉਨ੍ਹਾਂ ਨੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਗਵਾਹਾਂ ਦੀ ਹਿੰਮਤ ਅਤੇ ਦਲੇਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਗਵਾਹਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗ਼ੈਰ ਨਿਰੰਤਰ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਵਕੀਲਾਂ ਵੱਲੋਂ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਲੜੀ ਕਾਨੂੰਨੀ ਲੜਾਈ ਨੂੰ ਵੀ ਮਹੱਤਵਪੂਰਨ ਕਿਹਾ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਵਿਚ ਕੀਤਾ ਗਿਆ ਸਿੱਖ ਕਤਲੇਆਮ ਵਕਤ ਦੀ ਕਾਂਗਰਸ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਸੀ ਅਤੇ ਇਸ ਦੇ ਮੁੱਖ ਦੋਸ਼ੀ ਰਾਜੀਵ ਗਾਂਧੀ ਸਨ।

ਸੁਖਬੀਰ ਬਾਦਲ ਨੇ ਕਿਹਾ ਕਿ ਇਸ ਲਈ ਰਾਜੀਵ ਗਾਂਧੀ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 34 ਸਾਲ ਬਾਅਦ ਸੱਜਣ ਕੁਮਾਰ ਤੇ ਦੋ ਹੋਰਾਂ ਨੂੰ ਸਜ਼ਾ ਮਿਲਣ ਨਾਲ ਪੀੜਤਾਂ ਦਾ ਸੰਘਰਸ਼ ਕੁਝ ਸਫਲ ਜ਼ਰੂਰ ਹੋਇਆ ਹੈ ਪਰੰਤੂ ਅਜੇ ਵੀ ਜਗਦੀਸ਼ ਟਾਈਟਲਰ ਵਰਗੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਗਵਾਹਾਂ ਨੇ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਤਿੰਨ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ ਜਿਸ ਲਈ ਗਵਾਹਾਂ ਦੀ ਹਿੰਮਤ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਗਵਾਹਾਂ ਤੇ ਵਕੀਲਾਂ ਦੇ ਸਨਮਾਨ ਨੂੰ ਸਮੁੱਚੀ ਸਿੱਖ ਕੌਮ ਵੱਲੋਂ ਕੀਤਾ ਗਿਆ ਸਨਮਾਨ ਕਿਹਾ ਅਤੇ 1984 ਦੇ ਪੀੜ੍ਹਤਾਂ ਨਾਲ ਖੜ੍ਹਨ ਦੀ ਵਚਨਬੱਧਤਾ ਦੁਹਰਾਈ।

ਇਸ ਮੌਕੇ 1984 ਕਤਲੇਆਮ ਦੀ ਪੀੜ੍ਹਤ ਬੀਬੀ ਜਗਦੀਸ਼ ਕੌਰ ਭਾਵੁਕ ਹੁੰਦਿਆਂ ਕਿਹਾ ਕਿ ਬੀਤੇ 34 ਸਾਲਾਂ ਅੰਦਰ ਉਹ ਡੂੰਘੀ ਮਾਨਸਿਕ ਪੀੜਾ ’ਚੋਂ ਲੰਘੇ ਹਨ। ਇਸ ਦੌਰਾਨ ਉਨ੍ਹਾਂ ਨੂੰ ਡਰਾਉਣ ਧਮਕਾਉਣ ਤੇ ਖਰੀਦਣ ਲਈ ਦੋਸ਼ੀਆਂ ਵੱਲੋਂ ਹਰ ਹੀਲਾ ਵਰਤਿਆ ਗਿਆ ਪਰ ਉਨ੍ਹਾਂ ਨੇ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰੱਖਣ ਦੀ ਕਸਮ ਨਿਭਾਈ ਹੈ। ਉਨ੍ਹਾਂ ਆਖਿਆ ਕਿ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ। ਬੀਬੀ ਜਗਦੀਸ਼ ਕੌਰ ਨੇ ਵੀ ਰਾਜੀਵ ਗਾਂਧੀ ਖਿਲਾਫ ਪਰਚਾ ਦਰਜ ਕਰਨ ਅਤੇ ਭਾਰਤ ਰਤਨ ਵੀ ਵਾਪਸ ਲੈਣ ਦੀ ਮੰਗ ਕੀਤੀ।

ਇਸ ਸਮੇਂ ਮੰਚ ਦੀ ਕਾਰਵਾਈ ਅਮਰਜੀਤ ਸਿੰਘ ਚਾਵਲਾ ਨੇ ਚਲਾਈ।

ਵਕੀਲ ਫੂਲਕਾ ਨੇ ਆਪਣੇ ਰਿਸ਼ਤੇਦਾਰ ਨੂੰ ਭੇਜਿਆ:

1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਦੀ ਪੈਰਵੀ ਕਰਦੇ ਰਹੇ ਵਕੀਲ ਸ. ਐਚ. ਐਸ. ਫੂਲਕਾ ਵਲੋਂ ਲੰਘੇ ਦਿਨ ਹੋਏ ਸਨਮਾਨ ਸਮਾਗਮ ਵਿਚ ਆਪ ਸ਼ਮੂਲੀਅਤ ਨਹੀਂ ਕੀਤੀ ਗਈ ਪਰ ਉਨ੍ਹਾਂ ਆਪਣੇ ਇਕ ਰਿਸ਼ਤੇਦਾਰ ਨੂੰ ਸ਼੍ਰੋ.ਗੁ.ਪ੍ਰ.ਕ. ਵਲੋਂ ਦਿੱਤੇ ਜਾਣ ਵਾਲੇ ਸਨਮਾਨ ਨੂੰ ਹਾਸਲ ਕਰਨ ਲਈ ਭੇਜ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: