ਸਿਆਸੀ ਖਬਰਾਂ

ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ ਮੋਦੀ ਨੇ ਕਿਹਾ ਕਿ “ਇਹ ਹਿੰਦੁਸਤਾਨ ਦੇ ਸੀਨੇ ‘ਤੇ ਲੱਗਿਆ ਖੰਜ਼ਰ, ਨਹੀ ਗਿਆ ਇੰਦਰਾ ਨੂੰ ਸ਼ਰਧਾਜਲੀ ਭੇਟ ਕਰਨ

By ਸਿੱਖ ਸਿਆਸਤ ਬਿਊਰੋ

October 31, 2014

ਚੰਡੀਗੜ੍ਹ (31 ਅਕਤੂਬਰ, 2014): ਮੋਦੀ ਨੇ ਅੱਜ ਦਿੱਲੀ ਵਿਖੇ ਰਨ ਫਾਰ ਯੂਨਿਟੀ ਦੇ ਸਮਾਗਮ ਦੌਰਾਨ ਲੱਖਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 ਚ ਸਿੱਖ ਭਾਈਚਾਰੇ ਦੇ ਹੋਏ ਕਤਲ ਅਸਲ ਚ ਹਿੰਦੁਸਤਾਨ ਦੀ ਛਾਤੀ ਚ ਛੁਰਾ ਮਾਰਨ ਤੁੱਲ ਸਨ।

ਮੋਦੀ ਨੇ ਕਿਹਾ ਕਿ 30 ਸਾਲ ਪਹਿਲਾਂ ਭਾਰਤ ਦੀ ਏਕਤਾ ਨੂੰ ਗਹਿਰੀ ਸੱਟ ਮਾਰਨ ਵਾਲੀ ਇਕ ਭਿਆਨਕ ਘਟਨਾ ਘਟੀ। ਸਾਡੇ ਆਪਣੇ ਹੀ ਲੋਕਾਂ ਨੂੰ ਕਤਲ ਕਰ ਦਿਤਾ ਗਿਆ।

ਉਹ ਘਟਨਾ ਕਿਸੇ ਇਕ ਭਾਈਚਾਰੇ ਦੇ ਦਿਲ ਤੇ ਲੱਗੇ ਜ਼ਖਮ ਨਹੀਂ ਸਨ, ਉਹ ਤਾਂ ਹਿੰਦੁਸਤਾਨ ਦੇ ਸੀਨੇ ਤੇ ਲੱਗਿਆ ਇਕ ਖੰਜਰ ਸੀ। ਇਹ ਕਿਸੇ ਇਕ ਭਾਈਚਾਰੇ ਤੇ ਹੋਇਆ ਹਮਲਾ ਨਹੀਂ ਸੀ ਬਲਕਿ ਪੂਰੇ ਭਾਰਤ ਤੇ ਕੀਤਾ ਗਿਆ ਹਮਲਾ ਸੀ। ਇਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿਸੇ ਨੇ ਹਿੰਦੁਸਤਾਨ ਦੀ ਛਾਤੀ ਤੇ ਖੰਜਰ ਖੋਭਿਆ ਹੋਵੇ।

ਬੀਤੇ ਦਿਨੀਂ ਦਿੱਲੀ ਦੇ 1984 ਸਿੱਖ ਕਤਲੇਆਮ ਪੀੜਤਾਂ ਦੇ 3325 ਪੀੜਤਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਬਾਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੋਰ ਕਾਰਵਾਈ ਕੀਤੀ ਕਿ ਉਹ ਇੰਦਰਾ ਗਾਂਧੀ ਦੀ ਸਮਾਧ ‘ਤੇ ਸ਼ਰਧਾਂਜਲੀ ਦੇਣ ਨਹੀਂ ਗਿਆ।

ਇਹ ਗੱਲ ਇਸ ਲਈ ਵੀ ਮਹੱਤਵਪੂਰਨ ਹੈ ਕਿ ਅੱਜ ਇੰਦਰਾ ਗਾਂਧੀ ਦੀ ਬਰਸੀ ਹੈ। ਅੱਜ ਹੀ ਦੇ ਦਿਨ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਮੋਦੀ ਅੱਜ ਇੰਦਰਾ ਗਾਂਧੀ ਦੀ ਸਮਾਧੀ ਤੇ ਉਨ੍ਹਾਂ ਨੂੰ ਫੁੱਲ ਚੜਾਉਣ ਨਹੀਂ ਗਏ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਪ੍ਰਧਾਨ ਮੰਤਰੀ ਇਸ ਦਿਨ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਸਮਾਧੀ ਤੇ ਫੁੱਲ ਚੜਾਉਣ ਨਾ ਗਿਆ ਹੋਵੇ। ਹਾਂ ਮੋਦੀ ਨੇ ਅੱਜ ਇੰਦਰਾ ਗਾਂਧੀ ਦੀ ਬਰਸੀ ਤੇ ਇਕ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਜ਼ਰੂਰ ਦਿਤੀ।

ਮੋਦੀ ਵਲੋਂ ਅੱਜ ਕੀਤੇ ਗਏ ਇਹ ਦੋਵੇਂ ਕੰਮਾਂ ਨੂੰ ਸਿਆਸੀ ਮਾਹਰ ਸਿੱਖਾਂ ਦੇ ਦਿਲਾਂ ਚ ਥਾਂ ਬਣਾਉਣ ਲਈ ਮੋਦੀ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਰੂਪ ਚ ਦੇਖ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: