ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਮਾਮਲੇ ਦੇ ਗਵਾਹ ਅਤੇ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਨੇ ਉਸ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਅਭਿਸ਼ੇਕ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਈ-ਮੇਲ ਰਾਹੀਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਖਿਲਾਫ ਗਵਾਹ ਵਜੋਂ ਉਹ ਆਪਣਾ ਪੋਲੀਗ੍ਰਾਫ ਟੈਸਟ ਜਾਰੀ ਨਾ ਰੱਖੇ। ਵਰਮਾ ਨੇ ਸ਼ੁੱਕਰਵਾਰ ਨੂੰ ਅਦਾਲਤ ‘ਚ ਜਾ ਕੇ ਲਾਈ ਡਿਟੈਕਟਰ ਟੈਸਟ (ਝੂਠ ਫੜਨ ਵਾਲਾ ਟੈਸਟ) ਦੌਰਾਨ ਫੌਰੈਂਸਿੰਗ ਲੈਬ ਵਲੋਂ ਪੱਖਪਾਤ ਕੀਤੇ ਜਾਣ ਅਤੇ ਜਗਦੀਸ਼ ਟਾਇਟਲਰ ਨੂੰ ਬਚਾਉਣ ਦੀਆਂ ਕਾਰਵਾਈਆਂ ਬਾਰੇ ਦੱਸਿਆ।
ਦੱਖਣੀ ਦਿੱਲੀ ਦੇ ਮਹਿਰੋਲੀ ਪੁਲਿਸ ਥਾਣੇ ‘ਚ ਦਰਜ ਕਰਵਾਈ ਸ਼ਿਕਾਇਤ ‘ਚ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਕੰਪਨੀ ਦੇ ਈ-ਮੇਲ ਪਤੇ ‘ਤੇ ਉਸ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ, ਜਿਸ ‘ਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਅਤੇ ਉਸ ਨੂੰ ਜਗਦੀਸ਼ ਟਾਇਟਲਰ ਖਿਲਾਫ਼ ਪੋਲੀਗ੍ਰਾਫ ਟੈਸਟ ਜਾਰੀ ਨਾ ਰੱਖਣ ਲਈ ਕਿਹਾ ਗਿਆ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਧਾਰਾ 507 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਸਣੇ ਭਾਰਤ ਦੇ ਹੋਰ ਸ਼ਹਿਰਾਂ ‘ਚ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। 33 ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਸਗੋਂ ਕਤਲੇਆਮ ਦੇ ਜ਼ਿੰਮੇਵਾਰ ਦੋਸ਼ੀ ਸੱਤਾ ਵਿਚ ਆਪਣੀ ਪਹੁੰਚ ਸਦਕਾ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ। ਇਸ ਦੌਰਾਨ ਸਰਕਾਰ ਭਾਵੇਂ ਕਾਂਗਰਸ, ਬਾਦਲ-ਭਾਜਪਾ ਜਾਂ ਤੀਜਾ ਮੋਰਚਾ (ਜਨਤਾ ਦਲ, ਕਮਿਊਨਿਸਟਾਂ) ਆਦਿ ਕਿਸੇ ਵੀ ਸਿਆਸੀ ਦਲ ਦੀ ਰਹੀ ਹੋਵੇ।
ਸਬੰਧਤ ਖ਼ਬਰ: 1984 ਸਿੱਖ ਕਤਲੇਆਮ: ਦਿੱਲੀ ਕਮੇਟੀ ਨੇ ਕੇਜਰੀਵਾਲ ‘ਤੇ ਜਗਦੀਸ਼ ਟਾਈਟਲਰ ਨੂੰ ਬਚਾਉਣ ਦੇ ਲਾਏ ਦੋਸ਼ …