Site icon Sikh Siyasat News

1984: ਹੋਂਦ ਚਿੱਲੜ ‘ਚ ਹੋਏ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਖੱਟਰ ਨੂੰ ਪੱਤਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਫੌਰੀ ਕਾਰਵਾਈ ਲਈ ਇੱਕ ਪੱਤਰ ਲਿਖਿਆ ਹੈ। ਪੱਤਰ ‘ਚ ਕਿਹਾ ਗਿਆ ਕਿ ਹਰਿਆਣਾ ਦੇ ਹੋਂਦ ਚਿੱਲੜ ਵਿਖੇ ਹੋਇਆ ਸਿੱਖ ਕਤਲੇਆਮ ਮਨੁੱਖਤਾ ਤੋਂ ਕੋਹਾਂ ਦੂਰ ਉਹ ਕਰੂਰ ਕਾਰਾ ਹੈ ਜਿਸਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਇਸ ਕਤਲੇਆਮ ਵਿਚ ਜਿੱਥੇ 32 ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਥੇ ਹੀ ਸਿੱਖਾਂ ਦੀ ਜਾਇਦਾਦ ਲੁੱਟ ਲਈਆਂ ਗਈਆਂ ਜਾਂ ਸਾੜ ਦਿੱਤੀਆਂ ਗਈਆਂ।

ਹੋਂਦ ਚਿੱਲੜ ਪਿੰਡ ਜਿੱਥੇ ਨਵੰਬਰ 1984 ‘ਚ 32 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ

ਪੱਤਰ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਲਿਖਿਆ ਕਿ ਦੁੱਖ ਦੀ ਗੱਲ ਹੈ ਕਿ ਜਾਂਚ ਕਮਿਸ਼ਨ ਵੱਲੋਂ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਅਜੇ ਤੀਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੱਤਰ ਵਿਚ ਮੰਗ ਕੀਤੀ ਕਿ ਜਾਂਚ ਕਮਿਸ਼ਨ ਜਸਟਿਸ ਟੀ.ਪੀ. ਗਰਗ ਦੀ ਰਿਪੋਰਟ ਵਿਚ ਦੋਸ਼ੀ ਪਾਏ ਗਏ ਐਸ.ਪੀ. ਸਤੇਂਦਰ ਕੁਮਾਰ, ਡੀ.ਐਸ.ਪੀ. ਰਾਮ ਭੋਜ, ਸਬ ਇੰਸਪੈਕਟਰ ਰਾਮ ਕਿਸ਼ੋਰ ਤੇ ਹੈਡ ਕਾਂਸਟੇਬਲ ਰਾਮ ਕੁਮਾਰ ਖਿਲਾਫ ਧਾਰਾ 302, 436, 395, 120-ਬੀ, 217, 220, 221, 222 ਆਈ.ਪੀ.ਸੀ ਤਹਿਤ ਤੁਰੰਤ ਪਰਚਾ ਦਰਜ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜਾਂਚ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੇ ਸਮੇਂ ਦੌਰਾਨ ਵੱਖ-ਵੱਖ ਗਵਾਹਾਂ ਵੱਲੋਂ ਆਪਣੀਆਂ ਕਲੇਮ ਪਟੀਸ਼ਨਾਂ (ਦਾਅਵੇ ਦੀਆਂ ਅਰਜ਼ੀਆਂ) ਵੀ ਪਾਈਆਂ ਗਈਆਂ ਸਨ ਅਤੇ ਇਨ੍ਹਾਂ ਗਵਾਹਾਂ ਵੱਲੋਂ ਜਾਂਚ ਕਮਿਸ਼ਨ ਨੂੰ ਕਤਲੇਆਮ ਦੇ ਦੋਸ਼ੀਆਂ ਦੀ ਵਿਸਥਾਰਤ ਜਾਣਕਾਰੀ ਵੀ ਦਿੱਤੀ ਗਈ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ

ਗਵਾਹਾਂ ਤੇ ਪਟੀਸ਼ਨਰਾਂ ਅਨੁਸਾਰ ਕੇਵਲ ਇਹ 4 ਪੁਲਿਸ ਕਰਮਚਾਰੀ ਹੀ ਦੋਸ਼ੀ ਨਹੀਂ ਸਗੋਂ ਹੋਰ ਵੀ ਬਹੁਤ ਲੋਕ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਕਤਲੇਆਮ ਦੇ ਸੱਚ ਨੂੰ ਤੁਰੰਤ ਸਾਹਮਣੇ ਲਿਆਉਣ ਲਈ ਲਿਖਦਿਆਂ ਕਿਹਾ ਹੈ ਕਿ ਇਸ ਨਾਲ ਸਬੰਧਤ ਹਰ ਦੋਸ਼ੀ ਦੇ ਖਿਲਾਫ ਤੁਰੰਤ ਪਰਚਾ ਦਰਜ ਕਰ ਕੇ ਸਿੱਖਾਂ ਨੂੰ ਇਨਸਾਫ ਦੁਆਇਆ ਜਾਵੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨਾਲ ਲੋਕਾਂ ਵਿਚ ਸੁਰੱਖਿਅਤ ਹੋਣ ਦੀ ਭਾਵਨਾ ਪੈਦਾ ਹੋਵੇਗੀ ਤੇ ਅੱਗੋਂ ਤੋਂ ਸਮਾਜ ਦੇ ਕਿਸੇ ਵੀ ਵਰਗ ਦੀ ਨਸਲਕੁਸ਼ੀ ਨਹੀਂ ਹੋਵੇਗੀ।

ਸਬੰਧਤ ਖ਼ਬਰ:

ਹਰਿਆਣਾ ਪੁਲਿਸ ਹੋਂਦ ਚਿੱਲੜ ਮਾਮਲੇ ਵਿੱਚ ਨਾਮਜ਼ਦ ਪੁਲਿਸ ਅਧਿਕਾਰੀਆਂ ’ਤੇ ਮਿਹਰਬਾਨ: ਗਿਆਸਪੁਰਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version