ਖਾਸ ਖਬਰਾਂ

15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ: ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

August 09, 2017

ਚੰਡੀਗੜ: ਦਲ ਖਾਲਸਾ ਨੇ ਸਿੱਖਾਂ ਦੀ ਸਵੈ-ਰਾਜ ਦੀ ਇਤਿਹਾਸਕ ਇੱਛਾ ਅਤੇ ਸਵੈ-ਨਿਰਣੈ ਦੇ ਹੱਕ ਦੀ ਮੰਗ ਨੂੰ ਮੁੜ ਦੁਹਰਾਉਦਿਆਂ ਭਾਰਤੀ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ। ਜਥੇਬੰਦੀ ਨੇ ਕਿਹਾ ਕਿ 15 ਅਗਸਤ 1947 ਨੂੰ ਮਿਲੀ ਆਜ਼ਾਦੀ ਦਾ ਨਿੱਘ ਸਿੱਖਾਂ ਨੂੰ ਨਹੀਂ ਮਿਿਲਆ ਅਤੇ ਉਹ ਭਾਰਤੀ ਲੀਡਰਸ਼ਿਪ ਦੇ ਝਾਂਸੇ ਵਿੱਚ ਆਕੇ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫੱਸ ਗਏ ਹਨ। ਉਹਨਾਂ ਅਦਾਲਤਾਂ ਅਤੇ ਸਰਕਾਰਾਂ ਵਲੋਂ ‘ਜਨ ਗਨ ਮਨ’ ਥੋਪੇ ਜਾਣ ਨੂੰ ਨਕਾਰਦਿਆਂ ਕਿਹਾ ਕਿ ਜਬਰੀ ਥੋਪਿਆ ਜਾ ਰਿਹਾ ਫਰਜੀ ਰਾਸ਼ਟਰਵਾਦ ਸਾਨੂੰ ਪ੍ਰਵਾਨ ਨਹੀਂ ਹੈ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਸਿੱਖਾਂ ਸਿਰ ਪਈ ਦੂਸਰੀ ਗੁਲਾਮੀ ਵਿਰੁੱਧ ਸਿੱਖ ਸੰਘਰਸ਼ ਜਾਰੀ ਰੱਖਦਿਆਂ ਦਲ ਖਾਲਸਾ ਵਲੋਂ ਜਲੰਧਰ ਵਿਖੇ 14 ਅਗਸਤ ਸ਼ਾਮ ਨੂੰ ਰੋਹ-ਭਰਪੂਰ ਮੁਜ਼ਾਹਰਾ ਕੀਤਾ ਜਾਵੇਗਾ।

ਉਹਨਾਂ ਦਸਿਆ ਕਿ ਮੁਜ਼ਾਹਰੇ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿੱਚ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਨਾਮਵਰ ਸ਼ਖਸੀਅਤਾਂ ਦੇਸ਼-ਧ੍ਰੋਹ ਦੇ ਕਾਨੂੰਨ ਦੀ ਦੁਰਵਰਤੋਂ, ਗਊ ਰਖਿਅਕਾਂ ਵਲੋਂ ਦਲਿਤਾਂ ਅਤੇ ਮੁਸਲਮਾਨਾਂ ਉਤੇ ਅਤਿਆਚਾਰ, ਪੰਜਾਬ ਦੇ ਲੋਕਾਂ ਨੂੰ ਸੁੰਯਕਤ ਰਾਸ਼ਟਰ ਦੇ ਅਧੀਨ ਸਵੈ-ਨਿਰਣੇ (ਰੈਫਰੇਂਡਮ) ਦੇ ਹੱਕ ਤੋਂ ਵਾਂਝੇ ਰੱਖਣ ਆਦਿ ਭੱਖਦੇ ਮਸਲਿਆਂ ਤੇ ਵਿਚਾਰ ਰੱਖਣਗੀਆਂ।

ਉਹਨਾਂ ਕਿਹਾ ਕਿ ਦੇਸ਼ ਦੇ ਸ਼ਾਸਕਾਂ ਨੂੰ ਗਊ ਦੀ ਰੱਖਿਆ ਦੀ ਤਾਂ ਚਿੰਤਾ ਹੈ ਪਰ ਦਲਿਤਾਂ ਅਤੇ ਘੱਟ-ਗਿਣਤੀਆਂ ਨਾਲ ਘਿਨਾਉਣਾ ਅਤੇ ਘੱਟੀਆ ਸਲੂਕ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਭਾਜਪਾ, ਜੋ ਕਿਸੇ ਸਮੇ ਆਪਣੇ-ਆਪ ਨੂੰ ਇੱਕ ਸਿਧਾਂਤਕ ਪਾਰਟੀ ਹੋਣ ਦਾ ਦਾਅਵਾ ਕਰਦੀ ਸੀ, ਅੱਜ ਸੱਤਾ ਦਾ ਸੁਆਦ ਲੈਣ ਤੋਂ ਬਾਅਦ ਇਖਲਾਕ ਅਤੇ ਨੈਤਿਕ ਪੱਖੋਂ ਭ੍ਰਿਸ਼ਟ ਚੁੱਕੀ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਸਿੱਖ ਕੌਮ ਨਾਲ ਜੋ ਵਾਅਦੇ ਕੀਤੇ ਗਏ ਸੀ ਉਹ ਭਾਰਤ ਦੀ ਲੀਡਰਸ਼ਿਪ ਨੇ ਭੁਲਾ ਦਿੱਤੇ ਹਨ।

ਸੀਨੀਅਰ ਆਗੂ ਅਮਰੀਕ ਸਿੰਘ ਈਸੜੂ, ਜਸਬੀਰ ਸਿੰਘ ਖੰਡੂਰ, ਜਗਜੀਤ ਸਿੰਘ ਖੋਸਾ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਰਤ ਵਿਚ ਸਿੱਖ ਇਕੱਲੇ ਨਹੀਂ ਹਨ ਸਗੋਂ ਹੋਰ ਧਾਰਮਿਕ ਘੱਟ-ਗਿਣਤੀਆਂ, ਦਲਿਤ ਵੀ ਆਪਣੇ ਮੁੱਢਲੇ ਹੱਕਾਂ ਤੋਂ ਵਾਂਝੇ ਹਨ ਅਤੇ ਉਹ ਵੀ ਇਸ ਗੁਲਾਮੀ ਵਿਚੋਂ ਨਿਜ਼ਾਤ ਪਾਉਣ ਲਈ ਸੰਘਰਸ਼ਸ਼ੀਲ ਹਨ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਕੌਮਾਂਤਰੀ ਭਾਈਚਾਰਾ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਕੀਤੇ ਜਾ ਰਹੇ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਸੰਘਰਸ਼ ਦੇ ਮਸਲੇ ‘ਤੇ ਅੱਖਾ ਬੰਦ ਕਰੀ ਬੈਠਾ ਹੈ, ਉਸ ਨੂੰ ਇਨ੍ਹਾਂ ਕੌਮਾਂ ਦਾ ਦਰਦ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਜ਼ਰ ਨਹੀਂ ਆਉਂਦਾ।

ਭਾਰਤੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਬਿਆਨ ਕਿ “ਸੰਵਾਦ ਹੀ ਹਰ ਝਗੜੇ” ਦਾ ਹੱਲ ਹੈ ਉਤੇ ਟਿਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤੀ ਲੀਡਰਸ਼ਿਪ ਅਜਿਹੀਆਂ ਬਾਤਾਂ ਸਿਰਫ ਲੋਕਾਂ ਨੂੰ ਭਰਮਾਉਣ ਅਤੇ ਆਲਮੀ ਭਾਈਚਾਰੇ ਦਾ ਧਿਆਨ ਖਿੰਡਾਉਣ ਲਈ ਲੰਮੇ ਸਮੇ ਤੋਂ ਪਾਉਂਦੀ ਆ ਰਹੀ, ਪਰ ਹਕੀਕਤ ਵਿੱਚ ਉਹ ਮਸਲਿਆਂ ਦੇ ਸਦੀਵੀ ਹੱਲ ਲਈ ਸੰਘਰਸ਼ੀਲ ਕੌਮਾਂ ਨਾਲ ਸੰਵਾਦ ਰਚਾਉਣ ਨੂੰ ਕਦੇ ਤਿਆਰ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: