ਸੀਰੀਆ ਦੇ ਉੱਤਰ-ਪੱਛਮੀ ਸੂਬੇ ਇਡਲਿਬ ਵਿੱਚ ਮੰਗਲਵਾਰ ਨੂੰ ਹੋਏ ਸ਼ੱਕੀ ਗੈਸ ਹਮਲੇ ਵਿੱਚ ਮਾਰੇ ਗਏ ਬੱਚੇ ਦੀ ਲਾਸ਼ ਨੂੰ ਚੁੱਕ ਕੇ ਲਿਜਾਂਦਾ ਹੋਇਆ ਇੱਕ ਵਿਅਕਤੀ

ਕੌਮਾਂਤਰੀ ਖਬਰਾਂ

ਸੀਰੀਆ ਦੇ ਲੜਾਕੂ ਜਹਾਜ਼ਾਂ ਵਲੋਂ ਸ਼ੱਕੀ ਗੈਸ ਹਮਲੇ ‘ਚ 100 ਮੌਤਾਂ; ਸੰਯੁਕਤ ਰਾਸ਼ਟਰ ਦੀ ਮੀਟਿੰਗ ਅੱਜ

By ਸਿੱਖ ਸਿਆਸਤ ਬਿਊਰੋ

April 05, 2017

ਬੈਰੂਤ: ਉੱਤਰ-ਪੱਛਮੀ ਸੂਬੇ ਇਡਲਿਬ ਵਿੱਚ ਮੰਗਲਵਾਰ ਨੂੰ ਇਕ ਸ਼ੱਕੀ ਗੈਸ ਹਮਲੇ, ਜੋ ਸੀਰੀਅਾ ਸਰਕਾਰ ਦੇ ਲੜਾਕੂ ਜਹਾਜ਼ਾਂ ਵੱਲੋਂ ਕੀਤਾ ਮੰਨਿਆ ਜਾ ਰਿਹਾ ਹੈ, ਵਿੱਚ ਅੱਠ ਸਾਲ ਤੋਂ ਘੱਟ ਉਮਰ ਦੇ ਗਿਆਰਾਂ ਬੱਚਿਆਂ ਸਮੇਤ ਘੱਟ ਤੋਂ ਘੱਟ 100 ਲੋਕ ਮਾਰੇ ਗਏ ਹਨ। ਇਹ ਜਾਣਕਾਰੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਸ ਇਲਾਕੇ ਦੇ ਮੈਡੀਕਲ ਵਰਕਰਾਂ ਅਤੇ ਜੰਗ ਨਿਗਰਾਨ ਨੇ ਦਿੱਤੀ ਹੈ। ਸੀਰਿਆਈ ਫ਼ੌਜ ਦੇ ਸੂਤਰਾਂ ਨੇ ਫ਼ੌਜ ਵੱਲੋਂ ਅਜਿਹੇ ਹਥਿਆਰ ਵਰਤੇ ਜਾਣ ਤੋਂ ਸਾਫ਼ ਇਨਕਾਰ ਕੀਤਾ ਹੈ। ਇਸੇ ਦੌਰਾਨ ਯੂਐਨ ਕਮਿਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਨੁੱਖੀ ਅਧਿਕਾਰਾਂ ਬਾਰੇ ਸੀਰੀਅਾ ਦੇ ਨਿਗਰਾਨ ਨੇ ਦੱਸਿਆ ਕਿ ਇਸ ਹਮਲੇ ਕਾਰਨ ਕਈ ਲੋਕਾਂ ਦਾ ਦਮ ਘੁੱਟਣ ਲੱਗਾ ਜਾਂ ਬੇਹੋਸ਼ ਹੋ ਗਏ ਅਤੇ ਕੁੱਝ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ। ਉਸ ਨੇ ਮੈਡੀਕਲ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਗੈਸ ਹਮਲੇ ਦੇ ਸੰਕੇਤ ਹਨ। ਇਸ ਤੋਂ ਬਾਅਦ ਸ਼ਹਿਰ ਖਾਨ ਸ਼ੇਖੁਨ ਉਤੇ ਹਵਾਈ ਹਮਲੇ ਵਿੱਚ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਇਬਲਿਡ ਸਿਹਤ ਵਿਭਾਗ ਦੇ ਮੁਖੀ ਮਨਜ਼ੂਰ ਖ਼ਲੀਲ ਨੇ ਦੱਸਿਆ, ‘ਅੱਜ ਸਵੇਰੇ ਸਾਢੇ ਛੇ ਵਜੇ ਲੜਾਕੂ ਜਹਾਜ਼ਾਂ ਨੇ ਖਾਨ ਸ਼ੇਖੁਨ ਨੂੰ ਨਿਸ਼ਾਨਾ ਬਣਾ ਕੇ ਗੈਸ, ਜੋ ਸਾਰਿਨ ਤੇ ਕਲੋਰੀਨ ਮੰਨੀ ਜਾ ਰਹੀ ਹੈ, ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ 100 ਲੋਕਾਂ ਦੀ ਮੌਤ ਹੋਈ ਹੈ ਅਤੇ 400 ਜਣੇ ਜ਼ਖ਼ਮੀ ਹੋਏ ਹਨ।’ ਇਬਲਿਡ ਵਿੱਚ ਨਿਊਜ਼ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ, ‘ਇਬਲਿਡ ਸੂਬੇ ਦੇ ਜ਼ਿਆਦਾਤਰ ਹਸਪਤਾਲ ਜ਼ਖ਼ਮੀਆਂ ਨਾਲ ਨੱਕੋ ਨੱਕ ਭਰ ਗਏ ਹਨ।’ ਨਿਗਰਾਨ ਤੇ ਸਿਵਲ ਡਿਫੈਂਸ ਨੇ ਦੱਸਿਆ ਕਿ ਇਸ ਤੋਂ ਬਾਅਦ ਲੜਾਕੂ ਜਹਾਜ਼ਾਂ ਨੇ ਇਕ ਮੈਡੀਕਲ ਪੁਆਇੰਟ, ਜਿਥੇ ਗੈਸ ਹਮਲਾ ਪੀੜਤਾਂ ਦਾ ਇਲਾਜ ਚੱਲ ਰਿਹਾ ਸੀ, ਉਤੇ ਵੀ ਹਮਲਾ ਕੀਤਾ। ਸਿਵਲ ਡਿਫੈਂਸ, ਜਿਸ ਨੂੰ ਵ੍ਹਾਈਟ ਹੈਲਮੈੱਟ ਵਜੋਂ ਜਾਣਿਆ ਜਾਂਦਾ ਹੈ, ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਥਿਤ ਉਸ ਦੇ ਇਕ ਕੇਂਦਰ ਉਤੇ ਲੜਾਕੂ ਜਹਾਜ਼ਾਂ ਨੇ ਹਮਲਾ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: