ਚੰਡੀਗੜ੍ਹ – (ਜਸਬੀਰ ਸਿੰਘ ਜੱਸੀ)-ਸੀ. ਬੀ. ਆਈ. ਅਦਾਲਤ ਦੀ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਨੇ ਅਪ੍ਰੈਲ 1993 ‘ਚ ਪੁਲਿਸ ਵਲੋਂ ਹਰਬੰਸ ਸਿੰਘ ਵਾਸੀ ਉਬੋਕੇ ਅਤੇ ਇਕ ਅਣਪਛਾਤੇ ਵਿਅਕਤੀ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਹੇਠ ਸੇਵਾਮੁਕਤ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਥਾਣੇਦਾਰ ਜਗਤਾਰ ਸਿੰਘ ਨੂੰ ਲਗਭਗ 29 ਸਾਲ ਬਾਅਦ ਧਾਰਾ-302, 120ਬੀ ਅਤੇ 218 ਤਹਿਤ ਦੋਸ਼ੀ ਕਰਾਰ ਦਿੰਦਿਆਂ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ |
ਅਦਾਲਤ ਇਸ ਮਾਮਲੇ ‘ਚ 2 ਨਵੰਬਰ ਨੂੰ ਸਜ਼ਾ ਸੁਣਾਏਗੀ | ਮਾਮਲੇ ‘ਚ ਨਾਮਜ਼ਦ ਉਸ ਸਮੇਂ ਦੇ ਥਾਣਾ ਤਰਨ ਤਾਰਨ ਸਦਰ ਦੇ ਮੁਖੀ ਪੂਰਨ ਸਿੰਘ ਅਤੇ ਥਾਣੇਦਾਰ ਜਗੀਰ ਸਿੰਘ ਦੀ ਅਦਾਲਤੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ | ਮਾਮਲੇ ਦੀ ਪੈਰਵਾਈ ਐਡਵੋਕੇਟ ਆਰ. ਐੱਸ. ਬੈਂਸ ਅਤੇ ਸੀ. ਬੀ. ਆਈ. ਦੇ ਵਕੀਲ ਗੁਰਵਿੰਦਰ ਸਿੰਘ ਕਰ ਰਹੇ ਸਨ | ਉਧਰ ਮਿ੍ਤਕ ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਘਟਨਾ 15 ਅਪ੍ਰੈਲ 1993 ਦੀ ਹੈ | ਪੁਲਿਸ ਵਲੋਂ ਬਣਾਈ ਕਹਾਣੀ ਮੁਤਾਬਿਕ ਤਰਨ ਤਾਰਨ ਸਦਰ ਪੁਲਿਸ ਵਲੋਂ 1991 ‘ਚ ਦਰਜ ਇਕ ਪੁਰਾਣੇ ਮੁਕੱਦਮੇ ‘ਚ ਹਰਬੰਸ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ ਅਤੇ ਇਸ ਦੌਰਾਨ ਉਸ ਸਮੇਤ ਇਕ ਹੋਰ ਮੁਲਜ਼ਮ ਨੂੰ ਨਾਲ ਲੈ ਕੇ ਪੁਲਿਸ ਚੰਬਲ ਡਰੇਨ ਵਿਖੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਕਰਵਾਉਣ ਲਈ ਜਾ ਰਹੀ ਸੀ ਅਤੇ ਅਚਾਨਕ ਖਾੜਕੂਆਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਦੋਵਾਂ ਪਾਸਿਓਾ ਹੋਈ ਗੋਲੀਬਾਰੀ ‘ਚ ਹਰਬੰਸ ਸਿੰਘ ਅਤੇ ਦੂਜੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ | ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਲਾਵਾਰਸ ਦੱਸ ਕੇ ਸਸਕਾਰ ਕਰ ਦਿੱਤਾ | ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੇ ਸੀ. ਬੀ. ਆਈ. ਕੋਲ ਸ਼ਿਕਾਇਤ ਕੀਤੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ ਗਈ |
ਸੀ. ਬੀ. ਆਈ. ਵਲੋਂ 25 ਜਨਵਰੀ 1999 ‘ਚ ਪੂਰਨ ਸਿੰਘ ਥਾਣਾ ਸਦਰ ਤਰਨ ਤਾਰਨ ਦੇ ਮੁਖੀ, ਸ਼ਮਸ਼ੇਰ ਸਿੰਘ ਐਸ. ਆਈ., ਜਗਤਾਰ ਸਿੰਘ ਅਤੇ ਜਗੀਰ ਸਿੰਘ ਦੋਵੇਂ ਏ. ਐੱਸ. ਆਈ. ਖ਼ਿਲਾਫ਼ ਧਾਰਾ-34, 364, 302 ਦੇ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਉਪਰੰਤ ਚਾਰਾਂ ਪੁਲਿਸ ਵਾਲਿਆਂ ਖ਼ਿਲਾਫ਼ 8 ਜਨਵਰੀ 2002 ਨੂੰ ਸੀ. ਬੀ. ਆਈ. ਦੀ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ | ਇਹ ਮਾਮਲਾ 2006 ਤੋਂ ਲੈ ਕੇ 2022 ਜਨਵਰੀ ਤੱਕ ਸਟੇਅ ‘ਤੇ ਰਿਹਾ ਅਤੇ ਬਾਅਦ ਵਿਚ ਸਟੇਅ ਟੁੱਟਣ ਉਪਰੰਤ ਅਦਾਲਤੀ ਕਾਰਵਾਈ ਸ਼ੁਰੂ ਹੋਈ, ਜਿਸ ਦੌਰਾਨ 17 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਆਖ਼ਰਕਾਰ 30 ਸਾਲਾਂ ਬਾਅਦ ਪਰਿਵਾਰ ਨੂੰ ਇਨਸਾਫ਼ ਦਿੰਦਿਆਂ ਅਦਾਲਤ ਵਲੋਂ ਦੋਵੇਂ ਥਾਣੇਦਾਰਾਂ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ |
** ਉਕਤ ਖਬਰ ਪਹਿਲਾਂ ਰੋਜਾਨਾ ਅਜੀਤ ਵਿਚ “1993 ‘ਚ ਹਰਬੰਸ ਸਿੰਘ ਸਮੇਤ 2 ਜਣਿਆਂ ਨੂੰ ਮਾਰ ਮੁਕਾਇਆ ਸੀ” ਸਿਰਲੇਖ ਹੇਠ ਛਪੀ ਸੀ। ਇਹ ਇਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਛਾਪੀ ਗਈ ਹੈ। ਅਸੀਂ ਮੂਲ ਛਾਪਕ ਅਤੇ ਲੇਖਕ ਦੇ ਧੰਨਵਾਦੀ ਹਾਂ।