ਤਲਵੰਡੀ ਸਾਬੋ, 25 ਅਪ੍ਰੈਲ, 2010 (ਬਿਊਰੋ) : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਖਿਲਾਫ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਅਤੇ ਪੰਜਾਬ ਵਿਚਲੀਆਂ ਡੇਰੇ ਦੀਆਂ ਸਾਖਾਵਾਂ ਨੂੰ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵਲੋਂ ਸ਼ਹੀਦੀ ਜਥੇ ਭੇਜਣ ਦੀ ਚਲ ਰਹੀ ਲੜੀ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਾ ਸਲਾਬਤਪੁਰਾ ਵੱਲ ਅੱਜ ਗਿਆਰਾਂ ਬੀਬੀਆਂ ਦੇ ਚੱਲੇ 58ਵੇਂ ਜਥੇ ਨੂੰ ਤਲਵੰਡੀ ਸਾਬੋ ਪੁਲਿਸ ਨੇ ਸਥਾਨਕ ਥਾਣਾ ਚੌਂਕ ’ਚੋਂ ਗ੍ਰਿਫ਼ਤਾਰ ਕਰ ਲਿਆ।
ਸ਼ਹੀਦੀ ਜਥੇ ਦੀ ਰਵਾਨਗੀ ਤੋਂ ਪਹਿਲਾਂ ਹਰ ਐਤਵਾਰ ਦੀ ਤਰ੍ਹਾਂ ਤਖ਼ਤ ਸਾਹਿਬ ਵਿਖੇ ਇਕ ਸਮਾਗਮ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਸਰਕਾਰ ਵਲੋਂ, ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਥਾਪਤ ਸਿੱਖ ਰਾਜ ਦੇ ਮਨਾਏ ਜਾ ਰਹੇ ਤੀਜੀ ਸ਼ਤਾਬਦੀ ਸਮਾਗਮ ਇੱਕ ਵਿਖਾਵਾ ਹੈ। ਕਿਉਂ ਕਿ ਇਹ ਉਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਤਾਬਦੀ ਸਮਾਗਮ ’ਤੇ ਬੁਲਾ ਰਹੇ ਹਨ ਜੋ ਅਜੇ ਤੱਕ ਕੇਸ, ਦਾੜ੍ਹੀ ੳਤੇ ਪੱਗ ਦੀ ਬਹਾਲੀ ਨਹੀਂ ਕਰਵਾ ਸਕਿਆ, ਜਦ ਕਿ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦਾ ਐਵਾਰਡ ਸਿੱਖ ਰਾਜ ਦੀ ਆਵਾਜ਼ ਉਠਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੌਮੀ ਪੰਚ ਇਸਤਰੀ ਵਿੰਗ ਮਾਤਾ ਮਲਕੀਤ ਕੌਰ ਜਗ੍ਹਾ ਰਾਮ ਤੀਰਥ, ਬਾਬਾ ਹਰਦੀਪ ਸਿੰਘ ਮਹਿਰਾਜ, ਸੁਖਵਿੰਦਰ ਸਿੰਘ ਸਤਿਨਾਮ ਸਭਾ, ਬਲਜਿੰਦਰ ਸਿੰਘ ਏਕਨੂਰ ਖਾਲਸਾ ਫੌਜ, ਸਵਰਨ ਸਿੰਘ ਦਾਦੂ, ਰਾਜਾ ਰਾਜ ਸਿੰਘ, ਪ੍ਰਨਜੀਤ ਸਿੰਘ ਜੱਗੀ ਅਤੇ ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਆਦਿ ਨੇ ਵੀ ਸੰਬੋਧਨ ਕੀਤਾ।
ਅੱਜ ਦੇ ਜਥੇ ਵਿੱਚ ਕੁਲਵੰਤ ਕੌਰ, ਬੀਬੀ ਹਰਪਾਲ ਕੌਰ, ਬੀਬੀ ਮੁਖਤਿਆਰ ਕੌਰ, ਬੀਬੀ ਬੰਤ ਕੌਰ,, ਬੀਬੀ ਸੁਰਜੀਤ ਕੌਰ ਉਦੇਪੁਰ, ਬੀਬੀ ਸੁਖਪਾਲ ਕੌਰ, ਬੀਬੀ ਗੇੜ ਕੌਰ, ਬੀਬੀ ਮੁਖਤਿਆਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਅਮਰਜੀਤ ਕੌਰ ਅਤੇ ਬੀਬੀ ਰਣਜੀਤ ਕੌਰ ਸ਼ਾਮਲ ਸਨ।