ਸਿਆਸੀ ਖਬਰਾਂ

ਪੰਜਾਬ ਜ਼ਿਮਨੀ ਚੋਣਾ: ਕਾਂਗਰਸ ਨੇ ਤਲਵੰਡੀ ਸਾਬੋ ਤੋਂ ਸੌਦਾ ਸਾਧ ਦੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਅਤੇ ਪਟਿਆਲਾ ਤੋਂ ਪਰਨੀਤ ਕੌਰ ਨੂੰ ਉਮੀਦਵਾਰ ਐਲਾਨਿਆ

By ਸਿੱਖ ਸਿਆਸਤ ਬਿਊਰੋ

July 27, 2014

ਨਵੀਂ ਦਿੱਲੀ(26 ਜੁਲਾਈ 2014): ਕਾਂਗਰਸ ਨੇ ਅੱਜ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਪਟਿਆਲਾ (ਸ਼ਹਿਰੀ) ਹਲਕੇ ਲਈ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਤਲਵੰਡੀ ਸਾਬੋ ਹਲਕੇ ਲਈ ਸਾਬਕਾ ਵਿਧਾਇਕ ਅਤੇ ਸੌਦਾ ਸਾਧ ਸਿਰਸਾ ਦੇ ਕਰੀਬੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਨੂੰ ਉਮੀਦਵਾਰ ਬਣਾਇਆ ਹੈ।

 ਉਮੀਦਵਾਰਾਂ ਦਾ ਐਲਾਨ ਅੱਜ ਇੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤਾ। ਦੋਵੇਂ ਹਲਕਿਆਂ ਲਈ ਵੋਟਾਂ 21 ਅਗਸਤ ਨੂੰ ਪੈਣਗੀਆਂ। ਚੋਣਾਂ  ਲਈ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ।

ਬੀਬੀ ਪ੍ਰਨੀਤ ਕੌਰ ਹਾਲੀਆ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਹਲਕੇ ਤੋਂ ਹਾਰ ਗਈ ਸੀ ਜਦੋਂਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ (ਸ਼ਹਿਰੀ) ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ, ਲੋਕ ਸਭਾ ਚੋਣ ਅੰਮ੍ਰਿਤਸਰ  ਹਲਕੇ ਤੋਂ ਜਿੱਤ ਗਏ ਸਨ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈ ਵਿਧਾਨ ਸਭਾ ਸੀਟ ਉੱਤੇ ਹੁਣ ਬੀਬੀ ਪ੍ਰਨੀਤ ਕੌਰ ਨੂੰ ਕਾਂਗਰਸੀ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਹਰਾਇਆ ਸੀ।

ਦੂਜੇ ਪਾਸੇ ਤਲਵੰਡੀ ਸਾਬੋ ਸੀਟ ਉੱਥੋਂ ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ  ਵੱਲੋਂ ਪਾਰਟੀ ਛੱਡ ਕੇ ਹਾਕਮ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣ ਕਾਰਨ ਖਾਲੀ ਹੋਈ ਸੀ।

ਆਮ ਆਦਮੀ ਪਾਰਟੀ ਵੱਲੋ ਪੰਜਾਬ ਦੀਆਂ ਇਹ ਜ਼ਿਮਨੀ ਚੋਣਾਂ ਲੜਨ ਦੀ ਸੰਭਾਵਨਾ ਹੈ। ਇਸ ਲਈ ਪਹਿਲਾਂ ਇਹ  ਅਫਵਾਹ ਸੀ ਕਿ ਤਲਵੰਡੀ ਸਾਬੋ ਹਲਕੇ ਤੋ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ ਚੋਣ ਲੜ ਰਹੇ ਹਨ, ਪਰ ਪਾਰਟੀ ਦੇ ਕਨਵੀਨਰ ਕੇਜਰੀਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: