ਲੇਖ

ਗੁਰੂਖਾਲਸਾਪੰਥ ਦਾ ਪਾਤਸ਼ਾਹੀ ਦਾਵਾ

By ਸਿੱਖ ਸਿਆਸਤ ਬਿਊਰੋ

August 26, 2022

ਹਮ ਰਾਖਤ ਪਾਤਿਸ਼ਾਹੀ ਦਾਵਾ।। ਜਾਂ ਇਤ ਕੋ ਜਾਂ ਅਗਲੋ ਪਾਵਾ।। ਜੋ ਸਤਿਗੁਰ ਸਿੱਖਨ ਕਹੀ ਬਾਤ।। ਹੋਗ ਸਾਈ ਨਹਿ ਖਾਲੀ ਜਾਤ ।। ਧ੍ਰੂ ਵਿਧਰਤ ਔ ਧਵਲ ਡੁਲਾਇ।। ਸਤਿਗੁਰ ਬਚਨ ਨ ਖਾਲੀ ਜਾਇ।। ਪੰਥ ਪ੍ਰਕਾਸ਼ (ਭਾਈ ਰਤਨ ਸਿੰਘ ਭੰਗੂ)

ਗੁਰੂਖਾਲਸਾਪੰਥ ਦੀ ਪਰੰਪਰਾ ਅਨੁਸਾਰ ਜਥੇਬੰਦੀ ਦੀ ਸਿਰਜਣਾ ਅਕਾਲ ਪੁਰਖ ਨੂੰ ਸਨਮੁੱਖ ਰੱਖਕੇ ਕੀਤੀ ਜਾਂਦੀ ਹੈ, ਜਿਸ ਵਿਚ ਆਪਣੇ ਸਵਾਰਥ ਜਾਂ ਨਿੱਜੀ ਹਿੱਤਾਂ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ ਜਾਂਦੀ। ਇਸ ਵਿਚ ‘ਸਰਬੱਤ ਦੇ ਭਲੇ’ ਦਾ ਉਚ ਖਿਆਲ ‘ਸਤਿ’ ਦੀ ਅਧੀਨਗੀ ਵਿਚ ਵਿਗਸਦਾ ਹੈ। ਗੁਰੂਖਾਲਸਾਪੰਥ ਆਮ ਲੋਕਾਂ ਦਾ ਸਭਿਆਚਾਰ ਨਹੀਂ ਸਗੋਂ ਇਹ ਆਤਮਕ ਤੌਰ ਤੇ ਜਾਗੀਆਂ ਹੋਈਆਂ ਰੂਹਾਂ ਦੇ ਜੀਵਨ-ਰੌਂਅ ਦਾ ਨਾਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖ-ਸੁਰਤਿ ਨੂੰ ਅਨੰਤ ਦੀ ਛੂਹ ਲਾ ਕੇ ਗੁਰੂ-ਸੁਰਤਿ ਵਿਚ ਪਲਟ ਦਿੱਤਾ ਜਿਸ ਨਾਲ ‘ਖਾਲਸਾ ਜੀ’ ਰੂਪੀ ਅਮਲੀ ਜੀਵਨ-ਰੌਂਅ ਬਣ ਗਈ। ਪਰਮਾਤਮ ਦੀ ਮੌਜ ਵਿਚੋਂ ਪ੍ਰਗਟ ਹੋਏ ‘ਗੁਰੂ ਖਾਲਸਾ ਪੰਥ’ ਨੂੰ ਗੁਰਿਆਈ ਨੰਦੇੜ ਦੀ ਧਰਤੀ ਉਪਰ ਦਸਮ ਪਾਤਸ਼ਾਹ ਜੀ ਨੇ ਸਾਂਝੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਖਸ਼ਿਸ਼ ਕੀਤੀ ਹੈ। ਗੁਰੂ-ਜੋਤ ਸ਼ਬਦ ਰੂਪ ਵਿਚ ਗੁਰੂ ਗ੍ਰੰਥ ਵਿਚ ਵਿਦਮਾਨ ਹੈ ਤੇ ਦੇਹ ਰੂਪ ਵਿਚ ਗੁਰੂ ਪੰਥ ਵਿਚ ਪਰਕਾਸ਼ਮਾਨ ਹੈ ਖਾਲਸਾ ਪੰਥ ਦੀ ਪਾਤਿਸਾਹੀ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸਦੀਵੀ ਰੂਹਾਨੀ ਹੋਂਦ ਹੈ,ਜਦਕਿ ਰਾਜ ਪ੍ਰਬੰਧ ਇਸ ਪਾਤਿਸਾਹੀ ਦਾ ਦੁਨਿਆਵੀ ਧਰਾਤਲ ਉਤੇ ਵਿਹਾਰਕ ਪ੍ਰਗਟਾਓ ਹੈ। ਖਾਲਸਾ ਜੀ ਦਾ ਪਾਤਿਸਾਹੀ ਦਾਅਵਾ ਦੁਨਿਆਵੀ ਤਖਤ ਤੇ ਨਿਰਭਰ ਨਹੀਂ ਹੈ, ਸਗੋਂ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਦੇ ਆਸਰੇ ਹੈ। ਖਾਲਸਾ ਪੰਥ ਦਾ ਪਾਤਿਸਾਹੀ ਦਾਅਵਾ ਅਕਾਲੀ ਪ੍ਰਭੂਸੱਤਾ ਹੈ । ਜਦਕਿ ਰਾਜ,ਕਾਲ ਅਧੀਨ ਤਖਤ ਨਾਲ ਸੰਬੰਧਤ ਹੋਂਦ ਹੈ। ਗੁਰਬਾਣੀ ਅਨੁਸਾਰ ਕਾਲ ਸਦੀਵ ਨਹੀਂ ਹੈ। ਇਸ ਲਈ ਗੁਰੂ ਖਾਲਸਾ ਪੰਥ ਸਦਾ ਹੀ ਆਪਣੇ ਵੱਲੋਂ ਬਣਾਏ ਰਾਜ ਪ੍ਰਬੰਧ ਤੋਂ ਉਪਰ ਰਹੇਗਾ। ਪਾਤਿਸਾਹੀ ਦੇ ਸਿਧਾਂਤ ਅਨੁਸਾਰ ਅਕਾਲਪੁਰਖ ਤੋਂ ਇਲਾਵਾ ਹੋਰ ਕਿਸੇ ਵੀ ਤਾਕਤ,ਵਿਚਾਰ ਜਾਂ ਰਾਜ ਪ੍ਰਬੰਧ ਦੀ ਅਧੀਨਗੀ ਜਾਂ ਗੁਲਾਮੀ ਖਾਲਸਾ ਪੰਥ ਕਿਸੇ ਵੀ ਰੂਪ ਵਿੱਚ ਕਬੂਲ ਨਹੀਂ ਕਰ ਸਕਦਾ। ਖਾਲਸਾ ਪੰਥ ਸਿਰਫ ਅਕਾਲਪੁਰਖ ਦੀ ਸਿੱਧੀ ਅਧੀਨਗੀ ਕਬੂਲਦਾ ਹੈ ਅਤੇ ਇਸ ਸਿਧਾਂਤ ਅਨੁਸਾਰ ਪੰਥ ਦੇ ਅਮਲ / ਸਰਗਰਮੀ ਅਤੇ ਸੁਤੰਤਰਤਾ ਨੂੰ ਸੀਮਤ ਜਾਂ ਕਾਬੂ ਕਰਨ ਦਾ ਹੱਕ ਕਿਸੇ ਵੀ ਤਾਕਤ ਕੋਲ ਨਹੀਂ ਹੈ। ਜਦੋਂ ਵੀ ਕੋਈ ਤਾਕਤ ਖਾਲਸਾ ਪੰਥ ਦੀ ਸੁਤੰਤਰ ਹੋਂਦ ਨੂੰ ਕਾਬੂ ਜਾਂ ਸੀਮਤ ਕਰਨ ਦਾ ਯਤਨ ਕਰਦੀ ਹੈ ਜਾਂ ਰੱਬੀ ਹੁਕਮਾਂ ਦੀ ਉਲੰਘਣਾ ਕਰਕੇ ਜੁਲਮੀ ਰਾਜ ਸਥਾਪਤ ਕਰਦੀ ਹੈ ਤਾਂ ਖਾਲਸਾ ਪੰਥ ਉਸ ਨੂੰ ਜੜ੍ਹੋਂ ਪੁੱਟ ਕੇ ਸਰਬਤ ਦੇ ਭਲੇ ਵਾਲਾ ਪ੍ਰਬੰਧ ਸਿਰਜਣ ਲਈ ‘ਬਾਗੀ ਜਾਂ ਬਾਦਸ਼ਾਹ’ ਵਾਲੀ ਦ੍ਰਿੜਤਾ ਨਾਲ ਜੱਦੋ-ਜਹਿਦ ਕਰਦਾ ਹੈ।

ਜਥੇਬੰਦਕ ਤੌਰ ‘ਤੇ ਵੀ ਖਾਲਸਾ ਜੀ ਦੀ ਭੂਮਿਕਾ ਨਿਵੇਕਲੇ ਕਿਸਮ ਦੀ ਹੈ, ਜਿਸਦੀ ਮਿਸਾਲ ਵਿਸ਼ਵ ਦੇ ਇਤਿਹਾਸ ਵਿਚ ਬਾ-ਕਮਾਲ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਖਾਲਸਾ ਜੀ ਨੇ ਜਥੇਬੰਦਕ ਰੂਪ ਵਿਚ ਬਿਖੜੇ ਤੋਂ ਬਿਖੜੇ ਸਮੇਂ ਵਿਚ ਜਿਸ ਤਰ੍ਹਾਂ ਦੀ ਸਰਗਰਮ ਤੇ ਉਸਾਰੂ ਭੂਮਿਕਾ ਨਿਭਾਈ ਹੈ ਉਸਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਫਿਰ ਜਿਸ ਤਰ੍ਹਾਂ ਅਤਿ ਸੰਕਟ ਦੇ ਦੌਰ ਵਿਚ ਉਨ੍ਹਾਂ ਨੇ ਆਪਣਾ ਧੀਰਜ ਤੇ ਧਰਮ ਕਾਇਮ ਰੱਖਿਆ ਉਸਦੀ ਵੀ ਕੋਈ ਹੋਰ ਉਦਾਹਰਣ ਨਹੀਂ ਮਿਲਦੀ। 18ਵੀਂ ਸਦੀ ਦੌਰਾਨ ਖਾਲਸਾ ਜੀ ਨੂੰ ਆਪਣੇ ਮੰਤਵ ਪ੍ਰਤੀ ਕੋਈ ਭੁਲੇਖਾ ਨਹੀਂ ਸੀ, ਉਹਨਾਂ ਜਾਲਮ ਬਣ ਚੁੱਕੀ ਮੁਗਲ ਸਲਤਨਤ ਵਿਰੁੱਧ ਸੰਘਰਸ਼ ਨੂੰ ‘ਦੈਵੀ ਉਦੇਸ਼’ ਮੰਨਦੇ ਹੋਏ ਆਪਣਾ ਧਾਰਮਿਕ ਤੇ ਇਖਲਾਕੀ ਫ਼ਰਜ਼ ਪ੍ਰਵਾਨ ਕਰ ਲਿਆ ਸੀ। 18ਵੀਂ ਸਦੀ ਦੌਰਾਨ ਖਾਲਸਾ ਜੀ ਦਾ ਸੰਘਰਸ਼ ਦੈਵੀ ਕਦਰਾਂ ਕੀਮਤਾਂ ਦੀ ਰੌਸ਼ਨੀ ਵਿਚ, ਹੱਕ, ਸੱਚ, ਨੇਕੀ, ਇਨਸਾਫ਼, ਪਰਉਪਕਾਰ ਤੇ ਸਰਬੱਤ ਦੇ ਭਲੇ ਵਾਲਾ ਰਾਜ ਸਥਾਪਤ ਕਰਨ ਲਈ ਜ਼ਾਲਮ-ਰਾਜ ਦੀ ਜੜ੍ਹ ਪੁੱਟ ਕੇ ਬੇਇਨਸਾਫ਼ੀ ਖਤਮ ਕਰਨ ਲਈ ਸੀ।

ਅੰਗਰੇਜ਼ਾਂ ਨੂੰ ਵੀ ਹੈਰਾਨੀ ਸੀ ਕਿ ਸਿੱਖਾਂ ਪਾਸ ਨਾ ਤਾਂ ਕੋਈ ਪਿਤਾ ਪੁਰਖੀ ਮੁਲਕ ਸੀ, ਨਾ ਕੋਈ ਰਾਜ ਸੀ, ਨਾ ਕੋਈ ਕਿਲ੍ਹਾ ਸੀ, ਨਾ ਕੋਈ ਫੌਜ ਸੀ ਤੇ ਨਾ ਹੀ ਕੋਈ ਤੋਪਖਾਨਾ, ਫਿਰ ਵੀ ਉਹਨਾਂ ਨੇ ਰਾਜ ਸ਼ਕਤੀ ਕਿਵੇਂ ਸਥਾਪਿਤ ਕਰ ਲਈ? ਭਾਈ ਰਤਨ ਸਿੰਘ ਭੰਗੂ ਇਸ ਸਭ ਦੀ ਪ੍ਰਾਪਤੀ ਦੈਵੀ ਬਖਸ਼ਿਸ਼ ਨੂੰ ਮੰਨਦੇ ਹੋਏ ਲਿਖਦੇ ਹਨ:

ਸਿੰਘਨ ਪਾਯੋ ਰਾਜ ਕਿਮ, ਔ ਦੀਨੋ ਕਿਨ ਪਤਿਸ਼ਾਹੁ।। ਤਿਸੈ ਬਾਤ ਮੈਂ ਐਸੇ ਕਹੀ। ਸਿੰਘਨ ਪਤਿਸ਼ਾਹੀ ਸਾਹਿ ਸੱਚੈ ਦਈ।

ਸਿੱਖਾਂ ਨੇ ‘ਪਾਤਸ਼ਾਹੀ ਦਾਵੇ’ ਦੇ ਉੱਤਮ ਖਿਆਲ ਦੀ ਲੰਮੀ ਮੁਹਿੰਮ ਦੇ ਇਤਿਹਾਸ ਵਿਚ ਹਮੇਸ਼ਾ ਕਿਰਦਾਰ ਦੇ ਵੱਡੇ ਗੁਣਾਂ ਦਾ ਨਿਭਾਅ ਗੁਰੂ ਖਾਲਸਾ ਪੰਥ ਦੇ ਭਉ ਵਿਚ ਰਹਿ ਕੇ ਕੀਤਾ ਹੈ। ਕਦੇ ਕਿਸੇ ਛੋਟੇ-ਵੱਡੇ ਮਕਸਦ ਲਈ ਆਪਣੇ ਉੱਚੇ ਕਿਰਦਾਰ ਦੀ ਕੁਰਬਾਨੀ ਨਹੀਂ ਦਿੱਤੀ, ਆਪਣੇ ਕਿਰਦਾਰ ਦੀ ਵਿਲੱਖਣਤਾ ਨੂੰ ਹਮੇਸ਼ਾ ਕਾਇਮ ਰੱਖਿਆ ਹੈ। ਇਹੀ ਸਿੱਖਾਂ ਦੇ “ਪਾਤਸ਼ਾਹੀ ਦਾਵੇ” ਦੀ ਖਾਸੀਅਤ ਅਤੇ ਪ੍ਰਕਾਸ਼ਮਈ ਮਾਰਗ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: