ਚੰਡੀਗੜ੍ਹ: ਮਾਨਸਾ ਦੇ ਪਿੰਡ ਜਵਾਰਕੇ ਵਿੱਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰੇ ਵਿੱਚ ਬਾਦਲ ਦਲ ਦੇ ਹਮਾਇਤੀਆਂ ਤੇ ਗ੍ਰੰਥੀ ਸਿੰਘ ਵਿਚਾਲੇ ਹੱਥੋਪਾਈ ਹੋ ਗਈ। ਗ੍ਰੰਥੀ ਗੁਰਮੀਤ ਸਿੰਘ ਦਾ ਇਲਜ਼ਾਮ ਹੈ ਕਿ ਬਾਦਲ ਦਲ ਦੇ ਸਮਰਥਕਾਂ ਨੇ ਉਸ ਤੋਂ ਮਾਈਕ ਖੋਹ ਲਿਆ।
ਮਿਲੀ ਜਾਣਕਾਰੀ ਮੁਤਾਬਕ ਗ੍ਰੰਥੀ ਸਿੰਘ ਨੇ ਗੁਰਦੁਆਰੇ ਤੋਂ ਪਿੰਡ ਵਾਲਿਆਂ ਨੂੰ ਬਿਨਾ ਕਿਸੇ ਸਿਆਸੀ ਦੇ ਨਾਮ ਲਏ ਸੰਬੋਧਨ ਕੀਤਾ ਕਿ ਵੋਟ ਪਾਉਣ ਸਮੇਂ ਇਹ ਯਾਦ ਰੱਖਣਾ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੌਰਾਨ ਬਾਦਲ ਸਮਰਥਕਾਂ ਨੇ ਗੁਰਦੁਆਰੇ ਪਹੁੰਚੇ ਤੇ ਗ੍ਰੰਥੀ ਸਿੰਘ ਨਾਲ ਹੱਥੋਪਾਈ ਕੀਤੀ। ਗੁਰਦੁਆਰੇ ਵਿੱਚ ਮੌਜੂਦ ਸੰਗਤਾਂ ਨੇ ਗ੍ਰੰਥੀ ਸਿੰਘ ਨੂੰ ਬਚਾਇਆ।
ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਨੇ ਕਿਹਾ, “ਮੈਂ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲਿਆ ਮੈਂ ਤਾਂ ਵੋਟਰਾਂ ਨੂੰ ਸਿਰਫ਼ ਇੰਨਾ ਹੀ ਕਿਹਾ ਸੀ ਕਿ ਸੂਬੇ ਵਿੱਚ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਨੂੰ ਨਾ ਭੁੱਲਣਾ। ਉਨ੍ਹਾਂ ਕਿਹਾ ਕਿ ਮੈਂ ਤਾਂ ਸਿਰਫ਼ ਉਹ ਹੀ ਕਿਹਾ ਜਿਹੜੇ ਸਿੱਖ ਪ੍ਰਚਾਰਕ ਅਕਸਰ ਕਹਿੰਦੇ ਹਨ।”
ਬਾਦਲ ਸਮਰਥਕਾਂ ਵਲੋਂ ਗ੍ਰੰਥੀ ਸਿੰਘ ਨਾਲ ਹੱਥੋਪਾਈ ਦੀ ਘਟਨਾ ਬਾਰੇ ਥਾਣਾ ਕੋਟਧਰਮੂ ਦੇ ਐਸ.ਐਚ.ਓ. ਨੇ ਕਿਹਾ ਕਿ ਇਸ ਮਾਮਲੇ ਸਬੰਧੀ ਬਾਦਲ ਦਲ ਦੇ ਗੁਰਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪਹਿਲੀ ਨਜ਼ਰੇ ਗ੍ਰੰਥੀ ਸਿੰਘ ਦੀ ਅਨਾਉਂਸਮੈਂਟ ‘ਚ ਕੁਝ ਵੀ ਇਤਰਾਜ਼ਯੋਗ ਨਹੀਂ ਲੱਗਾ।