ਵੈਨਕੂਵਰ, (24 ਅਪ੍ਰੈਲ, , 2010)- ਵਿਸਾਖੀ ਨਗਰ ਕੀਰਤਨ ਦੌਰਾਨ ਸ਼ਹੀਦ ਸਿੱਖ ਖਾੜਕੂਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਸਬੰਧੀ, ਵੈਨਕੂਵਰ ਸਾਊਥ ਤੋਂ ਐਮ. ਪੀ. ਉੱਜਲ ਦੁਸਾਂਝ ਵੱਲੋਂ ਕੀਤੀ ਆਲੋਚਨਾ ਅਤੇ ਕੈਨੇਡਾ ’ਚ ‘ਸਿੱਖ ਅੱਤਵਾਦ’ ਦੇ ਸਿਰ ਚੁੱਕਣ ਦੇ ਬਿਆਨਾਂ ਮਗਰੋਂ ਤਿੱਖਾ ਪ੍ਰਤੀਕਰਮ ਸ਼ੁਰੂ ਹੋ ਗਿਆ ਹੈ।ਦੁਸਾਂਝ ਦੀ ਫੇਸਬੁੱਕ ’ਤੇ ਲਗਭਗ 246 ਵਿਅਕਤੀਆਂ ਵੱਲੋਂ ਇਸ ਸਬੰਧੀ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਬੀ. ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੂੰ ‘ਸਿੱਖਾਂ ਦਾ ਗੱਦਾਰ’, ਭਾਰਤੀ ਏਜੰਸੀਆਂ ਦਾ ਜਾਸੂਸ, ਭਾਰਤ ’ਚ ਨਸਲਕੁਸ਼ੀ ਦੀ ਹਮਾਇਤ ਕਰਨ ਵਾਲਾ, ਸਿੱਖ ਧਰਮ ਦਾ ਨਿਰਾਦਰ ਕਰਨ ਵਾਲਾ ਕਹਿ ਕੇ ਨਿੰਦਿਆ ਗਿਆ ਹੈ। ਵੱਖ-ਵੱਖ ਨਾਵਾਂ ਰਾਹੀਂ ਫੇਸਬੁੱਕ ’ਤੇ ਪਾਏ ਵਿਚਾਰਾਂ ’ਚ ਜਿਥੇ ਭਵਿੱਖ ਦੀਆਂ ਚੋਣਾਂ ’ਚ ਦੁਸਾਂਝ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ ਹੈ, ਉਥੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ, ਜੋ ਛੇਤੀ ਹੀ ਫੇਸਬੁੱਕ ਤੋਂ ਹਟਾ ਲਈ ਗਈ। ਰਾਇਲ ਕੈਨੇਡੀਅਨ ਮੌਂਟੇਡ ਪੁਲਿਸ ਨੇ ਐਮ. ਪੀ. ਦੁਸਾਂਝ ਦੀ ਸ਼ਿਕਾਇਤ ’ਤੇ ਇੰਸਪੈਕਟਰ ਪਾਲ ਰਿਚਰਡਜ਼ ਰਾਹੀਂ ਧਮਕੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਸਾਂਸਦ ਸ੍ਰੀ ਉੱਜਲ ਦੁਸਾਂਝ ਨੇ ਦੋਸ਼ ਲਾਇਆ ਹੈ ਕਿ ਇਹ ਧਮਕੀਆਂ, ਇਥੋਂ ਦੇ ਜੰਮਪਲ ਨੌਜਵਾਨ ਵਰਗ ਵੱਲੋਂ ਫੇਸਬੁੱਕ ਰਾਹੀਂ ਪਾਈਆਂ ਗਈਆਂ ਹਨ। ਇਕ ਬਿਆਨ ਰਾਹੀਂ ਸ੍ਰੀ ਦੁਸਾਂਝ ਨੇ ਕਿਹਾ ਹੈ ਕਿ ਦਹਿਸ਼ਤਗਰਦੀ ਇਸ ਵੇਲੇ 25 ਸਾਲ ਪਹਿਲਾਂ ਤੋਂ ਵੀ ਵਧੇਰੇ ਖ਼ਤਰਨਾਕ ਹੈ।
ਇਸੇ ਦੌਰਾਨ ਉੱਜਲ ਦੁਸਾਂਝ ਨੇ ਇੱਕ ਵਾਰ ਫਿਰ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਥਾਨਕ ਪੰਜਾਬੀ ਰੇਡੀਓ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ’ਚ ਸਿੱਖਾਂ ਦੀ ਵਸੋਂ 2ਫੀਸਦੀ ਹੈ ਅਤੇ 100-125 ਸਾਲ ਤੋਂ ਇਥੇ ਰਹਿ ਰਹੇ ਹਨ ਤਾਂ ਉਹ ਕੈਨੇਡਾ ’ਚ ਹੀ, ਐਲਬਰਟਾ ਵਿਚ ਜ਼ਮੀਨ ਖਰੀਦ ਦੇ ਖਾਲਿਸਤਾਨ ਬਣਾ ਲੈਣ। ਉਨ੍ਹਾਂ ਰੋਸ ਜਿਤਾਉਾਂਦਿਆਂ ਕਹਾ ਕਿ ਵੀਹ ਹਜ਼ਾਰ ਮੀਲ ਦੂਰ ਆ ਕੇ ‘ਭਾਰਤ ਨੂੰ ਵੰਡਣ’ ਦੀਆਂ ਗੱਲਾਂ ਕਰਦੇ ਹਨ। ਇਸ ਦੌਰਾਨ ਵੈਨਕੂਵਰ ਦੇ ਦੌਰੇ ’ਤੇ ਪੁੱਜੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇ ਚੇਅਰਮੈਨ ਸ: ਦਲਬਾਰਾ ਸਿੰਘ ਗਿੱਲ ਨੇ ਸ੍ਰੀ ਦੁਸਾਂਝ ਵੱਲੋਂ ‘ਐਲਬਰਟਾ ’ਚ ਖਾਲਿਸਤਾਨ’ ਬਣਾਉਣ ਦੇ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਜਿਥੇ ਸਿੱਖਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ, ਉਥੇ ਇਸ ਬਿਆਨ ਨੂੰ ਕੈਨੇਡਾ ਦੇ ਟੁਕੜੇ ਕਰਨ ਦੇ ਤੁਲ ਕਰਾਰ ਦਿੰਦਿਆਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਉਚਿਤ ਕਾਰਵਾਈ ਕੀਤੀ ਜਾਵੇ।