ਵੈਨਕੂਵਰ , 28 ਅਪ੍ਰੈਲ , 2010 : ਇਨ੍ਹੀਂ ਦਿਨੀਂ ਚਰਚਾ ’ ਚ ਘਿਰੇ ਵੈਨਕੂਵਰ ਸਾਊਥ ਦੇ ਸਾਂਸਦ ਉੱਜਲ ਦੁਸਾਂਝ ਨੇ ਐਲਬਰਟਾ ਸੂੁਬੇ ’ ਚ ਜ਼ਮੀਨ ਖਰੀਦ ਕੇ ਖਾਲਿਸਤਾਨ ਬਣਾਉਣ ਦੀ ਵਿਵਾਦਗ੍ਰਸਤ ਟਿੱਪਣੀ ਬਾਰੇ ਪੈਂਤੜਾ ਬਦਲਦਿਆਂ ਕਿਹਾ ਹੈ ਕਿ ਇਹ ਬਿਆਨ ਮਹਿਜ਼ ਇਕ ਮਜ਼ਾਕ ਸੀ । ਸਥਾਨਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇਕ ਇੰਟਰਵਿਊ ’ ਚ ਦੁਸਾਂਝ ਨੇ ਕਿਹਾ ਕਿ ਉਨ੍ਹਾਂ ਮਜ਼ਾਕ ਕਰਦਿਆਂ ਕਿਹਾ ਸੀ ਕਿ ਭਾਰਤ ’ ਚ ਕੋਈ ਵੀ ਖਾਲਿਸਤਾਨ ਨਹੀਂ ਮੰਗਦਾ , ਕੇਵਲ ਕੈਨੇਡਾ ਵਿਚ ਹੀ ਇਹ ਮੰਗ ਉਠ ਰਹੀ ਹੈ , ਇਸ ਲਈ ਇਥੇ ਵਸਦੇ ਦੋ ਫੀਸਦੀ ਸਿੱਖ ਜ਼ਮੀਨ ਖਰੀਦ ਕੇ ‘ ਸਿੱਖ ਹੋਮਲੈਂਡ ’ ਬਣਾ ਲੈਣ । ਸਰੀ ਤੋਂ ਚਲਦੇ ਪੰਜਾਬੀ ਰੇਡੀਓ ’ ਤੇ ਸਿੱਧੇ ਪ੍ਰਸਾਰਨ ਵਾਲੇ ਸ਼ੋਅ ਵਿਚ ਦੁਸਾਂਝ ਨੇ ਉਕਤ ਬਿਆਨ ਦਿੱਤਾ ਸੀ । ਕੈਨੇਡਾ ਦੇ ਦੌਰੇ ’ ਤੇ ਆਏ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਚੇਅਰਮੈਨ ਡੀ . ਐਸ . ਗਿੱਲ ਨੇ ਦੁਸਾਂਝ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਕੋਝੇ ਮਜ਼ਾਕ ਲਈ ਉੱਜਲ ਦੁਸਾਂਝ ਨੂੰ ਕੈਨੇਡੀਅਨ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ । ਡੀ . ਐਸ . ਗਿੱਲ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਜਿਹੀ ਟਿੱਪਣੀ ਦੀ ਜਾਂਚ ਕਰੇ ਅਤੇ ਗ਼ੈਰ – ਜ਼ਿੰਮੇਵਾਰਾਨਾ ਬਿਆਨ ਖਿਲਾਫ਼ ਕਾਰਵਾਈ ਕਰੇ । ਸਿੱਖ ਕੋਲੀਸ਼ਨ ਕੈਨੇਡਾ ਦੇ ਨੌਜਵਾਨ ਆਗੂ ਦੀਪ ਸਿੰਘ ਹੁੰਦਲ ਨੇ ਕਿਹਾ ਕਿ ਦੁਸਾਂਝ ਦੀ ਉਕਤ ਟਿੱਪਣੀ ਗ਼ੈਰ – ਵਾਜਬ ਸੀ ਤੇ ਉਨ੍ਹਾਂ ਨੂੰ ਤੁਰੰਤ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ । ਯੂਨਾਈਟਿਡ ਫਰੰਟ ਆਫ ਸਿੱਖਜ਼ ਦੇ ਆਗੂ ਸ : ਬਲਕਾਰ ਸਿੰਘ ਨੇ ਕਿਹਾ ਕਿ ਸ੍ਰੀ ਦੁਸਾਂਝ ਦਾ ਇਹ ਬਿਆਨ ਕੈਨੇਡੀਅਨ ਲੋਕਾਂ ਨਾਲ ਕੋਝਾ ਮਜ਼ਾਕ ਹੈ । ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਧਾਨ ਸ : ਸੁਦਾਗਰ ਸਿੰਘ ਸੰਧੂ ਨੇ ਕਿਹਾ ਕਿ ‘ ਖਾਲਸਾ ਡੇ ’ ਪਰੇਡ ਮੌਕੇ ਇਕ ਸੇਵਾਦਾਰ ਵੱਲੋਂ ਕੀਤੀ ਮਾਮੂਲੀ ਗੱਲ ਨੂੰ ਤੂਲ ਕੇ ਕੇ ਦੁਸਾਂਝ ਨੇ ਬਿਖੇੜਾ ਖੜ੍ਹਾ ਕਰ ਦਿੱਤਾ ਸੀ , ਜਦਕਿ ਹੁਣ ਉਨ੍ਹਾਂ ਅਤਿ ਮੰਦਭਾਗਾ ਬਿਆਨ ਦੇ ਕੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ ।