April 28, 2010 | By ਪਰਦੀਪ ਸਿੰਘ
ਅੰਮ੍ਰਿਤਸਰ, 27 ਅਪ੍ਰੈਲ, 2010 : ਗੁਰਦਵਾਰਾ ਪ੍ਰਬੰਧਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਅਕਾਲੀ ਵਿਧਾਇਕਾਂ ਤੇ ਜਥੇਦਾਰਾਂ ਦੇ ਸਿਆਸੀ ਦਬਾਅ ਅੱਗੇ ਹਮੇਸ਼ਾ ਹੀ ਗੋਡੇ ਟੇਕਣੇ ਪਏ ਹਨ। ਅਜਿਹੀ ਹੀ ਘਟਨਾ ਇਤਿਹਾਸਕ ਗੁਰਦਵਾਰਾ ਨਾਨਕਸਰ ਵੇਰਕਾ ਵਿਖੇ ਵਾਪਰੀ ਹੈ ਜਿਥੇ ਨਿਯੁਕਤ ਕੀਤੇ ਧਰਮੀ ਫੌਜੀ ਮੈਨੇਜਰ ਨੂੰ, ਮੱਕੜ ਨੇ ਹਟਾ ਕੇ, ਸਿਆਸੀ ਚੌਧਰੀਆਂ ਅਗੇ ਗੁਲਾਮਾਂ ਵਾਂਗ ਸਿਰ ਝੁਕਾਉਂਦਿਆਂ ਬਰਤਰਫ਼ ਕੀਤੇ ਮੈਨੇਜਰ ਨੂੰ ਫਿਰ ਲਗਾ ਦਿਤਾ। ਇਥੇ ਇਹ ਜ਼ਿਕਰਯੋਗ ਹੈ ਕਿ ਪਹਿਲਾਂ ਧਰਮੀ ਫੌਜੀ ਲੋਕ ਸੰਗਰਾਮ ਕਮੇਟੀ ਦੇ ਸਰਪ੍ਰਸਤ ਬਲਜੀਤ ਸਿੰਘ ਬੁੱਟਰ ਨੂੰ ਗੁਰਦਵਾਰੇ ਦਾ ਮੈਨੇਜਰ ਬਣਾ ਕੇ ਭੇਜਿਆ ਗਿਆ ਸੀ। ਜਿਸ ਦੀ ਨਿਯੁਕਤੀ ਲਈ ਰਸਮੀ ਕਾਰਵਾਈ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦਾ ਅਮਲਾ ਪਹੁੰਚਿਆ ਹੋਇਆ ਸੀ। ਪਰ ਕਰੀਬ ਦੋ ਘੰਟੇ ਤਕ ਉਡੀਕਣ ਦੇ ਬਾਵਜੂਦ ਵੀ ਬਰਤਰਫ਼ ਲੋਕਲ ਗੁਰਦਵਾਰਾ ਕਮੇਟੀ ਦਾ ਮੈਨੇਜਰ ਸ਼ਿਵਕਰਨ ਸਿੰਘ ਬਰਤਰਫ਼ ਪ੍ਰਧਾਨ ਕੁਲਵੰਤ ਸਿੰਘ ਦੀ ਸ਼ਹਿ ’ਤੇ ਸੁਪਰਡੈਂਟ ਨੂੰ ਚਾਰਜ ਦੇਣ ਲਈ ਹੀ ਨਹੀਂ ਆਇਆ ਜਦੋਂ ਕਿ ਸੁਪਰਡੈਂਟ ਨੇ ਨਵੇਂ ਰਜਿਸਟਰ ’ਤੇ ਕਾਰਵਾਈ ਪਾ ਕੇ ਬਲਜੀਤ ਸਿੰਘ ਬੁੱਟਰ ਨੂੰ ਮੈਨੇਜਰ ਦੀ ਕੁਰਸੀ ’ਤੇ ਬਿਠਾ ਦਿਤਾ ਸੀ। ਨਵੇਂ ਮੈਨੇਜਰ ਨੂੰ ਪ੍ਰਬੰਧ ਨੂੰ ਚੁਸਤ ਦਰੁਸਤ ਕਰਦੇ ਹੋਏ ਲੰਗਰ 24 ਘੰਟੇ ਕਰ ਦਿਤਾ। ਸੰਗਤਾਂ ਲਈ ਦੋ ਵਕਤ ਚਾਹ ਦਾ ਲੰਗਰ ਸ਼ੁਰੂ ਕਰਵਾਇਆ, ਜਿਸ ਦਾ ਸੰਗਤਾਂ ਨੇ ਭਰਪੂਰ ਸਵਾਗਤ ਕੀਤਾ ਪਰ ਬਰਤਰਫ਼ ਪ੍ਰਧਾਨ ਨੂੰ ਇਹ ਸੱਭ ਚੰਗਾ ਨਾ ਲੱਗਾ। ਉਸ ਨੇ ਅਪਣੀ ਚੌਧਰ ਵਿਖਾਉਂਦਿਆਂ 26 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਸਿੱਧਾ ਦਖ਼ਲ ਦਿੰਦਿਆਂ ਜਦੋਂ ਗੁਰਦਵਾਰਾ ਨਾਨਕਸਰ ਦੇ ਮੈਨੇਜਰ ਦੇ ਦਫ਼ਤਰ ਦੀਆਂ ਅਲਮਾਰੀਆਂ ਦੀ ਫੋਲਾ ਫਰਾਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੇਜਰ ਨੇ ਉਸ ਦਾ ਸਖ਼ਤੀ ਨਾਲ ਵਿਰੋਧ ਕੀਤਾ। ਜਿਸ ਨੂੰ ਅਪਣੀ ਹਤਕ ਸਮਝਦਿਆਂ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਨੇ ਅਪਣੇ ਸਿਆਸੀ ਅਕਾਵਾਂ ਅਕਾਲੀ ਵਿਧਾਇਕ ਡਾ. ਦਲਬੀਰ ਸਿੰਘ ਆਦਿ ਦਾ ਸਿਆਸੀ ਦਬਾਅ ਪੁਆ ਕੇ ਫਿਰ ਪਹਿਲਾਂ ਬਰਤਰਫ ਮੈਨੇਜਰ ਸ਼ਿਵਕਰਨ ਸਿੰਘ ਲਈ ਨਿਯੁਕਤੀ ਦੇ ਹੁਕਮ ਲੈ ਆਂਦੇ। ਪ੍ਰਧਾਨ ਕੁਲਵੰਤ ਸਿੰਘ ਨੇ ਦਸਿਆ ਕਿ ਕਲ ਨੂੰ ਨਵੇਂ ਪ੍ਰਧਾਨ ਦੀ ਛੁੱਟੀ ਕਰ ਕੇ ਪੁਰਾਣੇ ਮੈਨੇਜਰ ਨੂੰ ਹੀ ਕੁਰਸੀ ’ਤੇ ਬਿਠਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਇਸ ਕਰਤੂਤ ਦਾ ਜਿਥੇ ਵੇਰਕਾ ਵਾਸੀਆਂ ਨੂੰ ਅਫਸੋਸ ਹੈ ਉਥੇ ਧਰਮੀ ਫੌਜੀ ਵੀ ਅਪਣਾ ਨਿਰਾਦਰ ਸਮਝ ਰਹੇ ਹਨ।
Related Topics: Shiromani Gurdwara Parbandhak Committee (SGPC)