August 31, 2013 | By ਸਿੱਖ ਸਿਆਸਤ ਬਿਊਰੋ
ਜੋਧਪੁਰ (30 ਅਗਸਤ 2013) :- ਲੜਕੀ ਦੇ ਸਰੀਰਕ ਸ਼ੋਸ਼ਣ ਦੋਸ਼ੀ ਸਾਧੂ ਆਸਾ ਰਾਮ ਨੂੰ ਗੁਜਰਾਤ ਹਾਈਕੋਰਟ ਨੇ ਝਟਕਾ ਦਿੱਤਾ ਹੈ। ਉਸ ਨੇ ਅਦਾਲਤ ਦਾ ਰੁਖ ਭਾਂਪਦਿਆਂ ਟਰਾਂਜਿਟ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਹੈ। ਹੁਣ ਸਿੱਧੇ ਤੌਰ ਤੇ ਆਸਾ ਰਾਮ ਦੇ ਸਿਰ ਤੇ ਗਿਰਫ਼ਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ। ਆਸਾ ਰਾਮ ਵਲੋਂ ਸ਼ੁੱਕਰਵਾਰ ਨੂੰ ਹੀ ਟਰਾਂਜਿਟ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਗਈ ਸੀ।
ਅਦਾਲਤ ਨੇ ਕਿਹਾ ਕਿ ਆਸਾ ਰਾਮ ਦੇ ਖ਼ਿਲਾਫ਼ ਗੰਭੀਰ ਦੋਸ਼ ਹਨ , ਅਜਿਹੇ ਵਿਚ ਜ਼ਮਾਨਤ ਮਿਲਣੀ ਸੰਭਵ ਨਹੀਂ ਹੈ। ਅਦਾਲਤ ਨੇ ਕਿਹਾ ਕਿ ਜੇਕਰ ਅਰਜ਼ੀ ਵਾਪਸ ਨਹੀਂ ਲਈ ਜਾਂਦੀ ਤਾਂ ਉਹ ਖ਼ਾਰਜ਼ ਕਰ ਦਿੱਤੀ ਜੇਵਗੀ।
ਆਸਾ ਰਾਮ ਨੇ ਸ਼ੁਕਰਵਾਰ ਨੂੰ ਜੋਧਪੁਰ ਵਿਚ ਐਸ. ਐਸ. ਪੀ. ਚੰਚਲ ਮਿਸ਼ਰਾ ਸਾਹਮਣੇ ਪੇਸ਼ ਹੋਣਾ ਹੈ ,ਪਰ ਉਸਨੇ 15 ਦਿਨ ਦੀ ਮੁਹਲਤ ਦੀ ਮੰਗ ਕੀਤੀ ਹੈ। ਪੁਲਿਸ ਨੇ ਉਸਨੂੰ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸਦੀ ਗਿਰਫ਼ਤਾਰੀ ਲਈ ਤਿੰਨ ਥਾਣੇਦਾਰਾਂ ਦੀ ਅਗਵਾਈ ਵਿਚ ਟੀਮ ਬਣਾ ਦਿੱਤੀ ਗਈ ਹੈ। ਸ਼ਨੀਵਾਰ ਨੂੰ ਸਵੇਰੇ ਆਸਾ ਰਾਮ ਜਿਥੇ ਵੀ ਹੋਵੇਗਾ, ਪੁਲਿਸ ਪਾਰਟੀ ਉਸਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚ ਜਾਵੇਗੀ।
ਛਿੰਦਵਾੜਾ ਦੀ ਗੁਰੂਕੁਲ ਦੀ ਵਾਰਡਨ ਸ਼ਿਲਪੀ ,ਮੈਨੇਜ਼ਰ ਅਤੇ ਆਸਾ ਰਾਮ ਦੇ ਮੁੱਖ ਸੇਵਦਾਰ ਨੇ ਵੀ ਪੁਲਿਸ ਸਾਹਮਣੇ ਪੇਸ਼ ਹੋਣਾ ਸੀ।, ਪਰ ਇਹ ਤਿਨੋਂ ਪੇਸ਼ ਨਹੀਂ ਹੋਏ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਟੀਮਾਂ ਭੇਜੇਗੀ।
ਆਸਾ ਰਾਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਾਰਲੀਮੈਂਟ ਵਿਚ ਹੰਗਾਮਾਂ ਹੋਇਆ ਸੀ। ਜਦਯੂ ਆਗੂ ਸ਼ਰਦ ਯਾਦਵ ਨੇ ਤਰੁੰਤ ਕਾਰਵਾਈ ਦੀ ਮੰਗ ਕੀਤੀ ਸੀ। ਪੁਲਿਸ ਜਾਂਚ ਵਿਚ ਇਹ ਖੁਲਾਸਾ ਹੋਇਆ ਸੀ ਕਿ ਆਸਾ ਰਾਮ ਦੀ ਸ਼ਿਕਾਰ ਹੋਈ ਲੜਕੀ ਨੂੰ ਕੋਈ ਬਿਮਾਰੀ ਨਹੀਂ ਸੀ, ਬਲਕਿ ਉਸਦਾ ਸਮਰਪਣ ਕਰਵਾਉਣ ਦੀ ਸਾਜਿਸ ਸੀ। ਪੁਲਿਸ ਅਨੁਸਾਰ ਗੁਰੂਕੁਲ ਦੀ ਵਾਰਡਨ ਨੇ ਬਿਮਾਰੀ ਦੇ ਬਹਾਨੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸਨੂੰ ਆਸਾ ਰਾਮ ਕੋਲ ਲੈ ਜਾਣ ਅਤੇ ਬਾਅਦ ਵਿਚ ਭੂਤ ਪ੍ਰੇਤ ਦਾ ਬਹਾਨਾ ਲਾ ਕਿ ਆਸਾ ਰਾਮ ਤੋਂ ਇਲਾਜ਼ ਕਰਵਾਉਣ ਦਾ ਦਬਾਅ ਬਣਾਇਆ ਸੀ।